ਸਰਕਾਰਾਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ,ਕਿਉਂਕਿ ਵੱਖ ਵੱਖ ਖੇਤਰਾਂ ‘ਚ ਨਾਮਣਾ ਖੱਟਣ ਲਈ ਸਾਜ਼ਗਾਰ ਮਾਹੌਲ ਬੇਹੱਦ ਜ਼ਰੂਰੀ-ਅਗਾਂਹਵਧੂ ਮਹਿਲਾਵਾਂ

ਬਾਘਾਪੁਰਾਣਾ,08 ਮਾਰਚ (ਪਵਨ ਗਰਗ/ਰਾਜਿੰਦਰ ਸਿੰਘ ਕੋਟਲਾ)-ਭਾਵੇਂ ਕਿ ਮਹਿਲਾ ਦਿਵਸ ਨੂੰ ਔਰਤ ਦੀ ਸ਼ਕਤੀ ਦੇ ਰੂਪ ਵਿੱਚ ਪੂਰੀ ਦੁਨੀਆਂ ’ਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ।ਇਸ ਦਿਨ ਸਕੂਲਾਂ ,ਕਾਲਜ਼ਾਂ,ਸਰਕਾਰੀ ਵਿਭਾਗਾਂ ਵਿੱਚ ਔਰਤ ਦਿਵਸ ਦੇ ਸੰਬੰਧ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।ਬੇਸ਼ੱਕ ਔਰਤ ਅੱਜ ਹਰ ਖੇਤਰ ਵਿੱਚ ਮਰਦਾਂ ਦੇ ਮੁਕਾਬਲੇ ਅੱਗੇ ਹੋ ਕੇ ਕੰਮ ਕਰ ਰਹੀ ਹੈ ਅਤੇ ਬਹੁਤੇ ਖੇਤਰਾਂ ਖਾਸ ਕਰਕੇ ਵਿੱਦਿਆਂ ਦੇ ਖੇਤਰ ਵਿੱਚ ਤਾਂ ਔਰਤਾਂ ਮਰਦਾਂ ਤੋਂ ਬਹੁਤ ਅੱਗੇ ਹੀ ਹਨ।ਪਰ ਫਿਰ ਵੀ ਸਾਡੇ ਦੇਸ਼ ਵਿੱਚ ਅੱਜ ਵੀ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਅਜਿਹੀਆਂ ਔਰਤਾਂ ਮਿਲ ਜਾਣਗੀਆਂ ਜੋ ਔਰਤ ਦਿਵਸ ਦਾ ਅਰਥ ਤੱਕ ਵੀਂ ਨਹੀ ਜਾਣਦੀਆਂ।ਅਜਿਹੀਆਂ ਔਰਤਾਂ ਸਾਨੂੰ ਸੜਕਾਂ ’ਤੇ ਰੋੜੀ ਕੁੱਟਦੀਆਂ,ਢਾਬਿਆਂ ’ਤੇ ਬਰਤਨ ਸਾਫ ਕਰਦੀਆਂ,ਕੂੜੇ ਕਰਕਟ ਵਿੱਚੋਂ ਕਚਰਾ ਚੁੱਕਦੀਆਂ,ਫੈਕਟਰੀਆਂ ਅਤੇ ਦਫਤਰਾਂ ਵਿੱਚ ਸਫਾਈ ਕਰਦੀਆਂ,ਖੇਤਾਂ ਵਿੱਚ ਕੰਮ ਕਰਦੀਆਂ ਦਿਖਾਈ ਦਿੰਦੀਆਂ ਹਨ।ਇੰਨਾਂ ਔਰਤਾਂ ਦੀ ਹਾਲਤ ਅੱਜ ਵੀ ਬਹੁਤੀ ਚੰਗੀ ਨਹੀਂ ਹੈ।ਸਰਕਾਰਾਂ ਭਾਵੇਂ ਔਰਤਾਂ ਦੀ ਹਾਲਤ ਸੁਧਾਰਨ ਵਾਸਤੇ ਕਈ ਸਕੀਮਾਂ ਉਲੀਕਦੀਆਂ ਹਨ ਪਰ ਇਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੁੰਦੀਆਂ ਹਨ ਜਾਂ ਫਿਰ ਇੰਨਾਂ ਦਾ ਲਾਭ ਉਹ ਲੋਕ ਲੈ ਜਾਂਦੇ ਹਨ ਜੋ ਇਸ ਦੇ ਯੋਗ ਹੀ ਨਹੀਂ ਹੁੰਦੇ।ਇੱਥੇ ਪਿੰਡ ਭਲੂਰ ਦੀ ਮਿਸਾਲ ਦੇ ਰਹੇ ਹਾਂ ਪਿੰਡ ਵਿੱਚ ਬਣ ਰਹੀ ਨਵੀ ਸੜਕ ਤੇ ਕੰਮ ਕਰਦੀਆਂ ਔਰਤਾਂ ਨੂੰ ਔਰਤ ਦਿਵਸ ਬਾਰੇ ਪੁੱਛਿਆ ਗਿਆ ਤਾਂ ਉਨਾਂ ਨੇ ਅਣਜਾਣਤਾ ਪ੍ਰਗਟਾਈ।ਇਸ ਤੋਂ ਇਲਾਵਾ ਅਤਿ ਗਰੀਬ ਦਲਿਤ ਬੀਬੀ ਹਰਪਾਲ ਕੌਰ ਜੋ ਕਿ ਆਪਣੇ ਕੱਚੇ ਜਿਹੇ ਮਕਾਨ ਵਿੱਚ ਬਿਮਾਰੀ ਦੀ ਹਾਲਤ ਵਿੱਚ ਪਈ ਹੈ ਉਸ ਨੂੰ ਔਰਤ ਦਿਵਸ ਬਾਰੇ ਕੀ ਪਤਾ ਉਸ ਨੂੰ ਤਾਂ ਦੋ ਵਕਤ ਦੀ ਰੋਟੀ ਵੀ ਪਿੰਡ ਦੇ ਲੋਕ ਹੀ ਦੇ ਕੇ ਜਾਂਦੇ ਹਨ।ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਜਵਾਨ ਬੇਟਾ ਜੋ ਕਿ ਮਾਨਸਿਕ ਤੌਰ ਤੇ ਠੀਕ ਨਹੀ ਹੈ ਉਹ ਵੀ ਰੋਟੀ ਲੋਕਾਂ ਤੋਂ ਹੀ ਮੰਗ ਕੇ ਖਾਦਾ ਹੈ।
ਕੀ ਕਹਿਣਾ ਹੈ ਹਿਊਮਨ ਰਾਈਟਸ ਮਿਸ਼ਨ ਸਵੀਡਨ ਦੀ ਪ੍ਰਧਾਨ ਡਾ: ਸੋਨੀਆ ਦਾ-ਇਸ ਸੰਬੰਧੀ ਜਦੋਂ ਹਿਊਮਨ ਰਾਈਟਸ ਮਿਸ਼ਨ ਸਵੀਡਨ ਦੀ ਪ੍ਰਧਾਨ ਡਾ: ਸੋਨੀਆਂ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਅੱਜ ਬੇਸ਼ੱਕ ਔਰਤ ਹਰ ਵਰਗ ਵਿੱਚ ਤਰੱਕੀ ਕਰ ਰਹੀ ਹੈ ਪਰ ਯੂਰਪੀ ਦੇਸ਼ਾਂ ਦੇ ਮੁਕਾਬਲੇ ਏਸ਼ੀਆ ਦੇ ਮੁਲਕਾਂ ਦੇ ਵਿੱਚ ਔਰਤਾਂ ਦੀ ਹਾਲਤ ਕੋਈ ਵਧੀਆ ਨਹੀਂ ਹੈ ਸਗੋਂ ਗਰੀਬੀ ਰੇਖਾਂ ਤੋਂ ਹੇਠਾਂ ਜਿੰਦਗੀ ਬਸ਼ਰ ਕਰ ਰਹੀਆਂ ਔਰਤਾਂ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੈ ਅਤੇ ਉਨਾਂ ਨੂੰ ਪੇਟ ਭਰ ਭੋਜਨ ਅਤੇ ਤਨ ਢੱਕਣ ਵਾਸਤੇ ਪੂਰੇ ਕੱਪੜੇ ਵੀ ਨਸੀਬ ਨਹੀਂ ਹੋ ਰਹੇ।ਉਨਾਂ ਕਿਹਾ ਕਿ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਅੱਜ ਵੀ ਅੱਜ ਨੂੰ ਮਨੋਰੰਜਨ ਦਾ ਸਾਧਨ ਹੀ ਸਮਝਿਆ ਜਾਂਦਾ ਹੈ ਅਤੇ ਵਿਗੜੇ ਹੋਏ ਅਪਰਾਧੀ ਬਿਰਤੀ ਦੇ ਲੋਕ ਜਦੋ ਚਾਹੁੰਣ ਕਿਸੇ ਦਾ ਵੀ ਬਲਾਤਕਾਰ ਤੱਕ ਕਰ ਦਿੰਦੇ ਹਨ ਅਤੇ ਪੀੜਤ ਔਰਤ ਨੂੰ ਕੋਈ ਇਨਸਾਫ ਤੱਕ ਨਹੀਂ ਮਿਲਦਾ।ਇਸ ਵਾਸਤੇ ਜਰੂਰੀ ਹੈ ਕਿ ਔਰਤਾਂ ਦੇ ਸੁਧਾਰ ਵਾਸਤੇ ਦੁਨੀਆਂ ਭਰ ਵਿੱਚ ਯੂ.ਐਨ.ਓ. ਵੱਲੋਂ ਵੱਡੇ ਪੱਧਰ ’ਤੇ ਕਦਮ ਚੁੱਕੇ ਜਾਣ ਅਤੇ ਔਰਤ ਦੀ ਸੁਰੱਖਿਆ ਵਾਸਤੇ ਸਖਤ ਕਾਨੂੰਨ ਬਣਾਏ ਜਾਣ।
ਕੀ ਕਹਿਣਾ ਹੈ ਵੱਖ ਵੱਖ ਖੇਤਰ ਨਾਲ ਜੁੜੀਆ ਔਰਤਾਂ ਦਾ-ਇਸ ਮੌਕੇ ’ਤੇ ਗੱਲ ਕਰਦੇ ਹੋਏ ਪੇਸ਼ੇ ਦੇ ਤੌਰ ’ਤੇ ਵਿਦਿਅਕ ਖੇਤਰ ’ਚ ਲੈਕਚਰਾਰ ਨੀਲਮ ਰਾਣੀ,ਰਾਗੀ ਅਮਨਦੀਪ ਕੌਰ ਮਜੀਠਾ,ਵੋਮੈਨ ਸੈਲ ਬਾਘਾਪੁਰਾਣਾ ਦੀ ਇੰਚਾਰਜ ਏਐਸਆਈ ਚਰਨਜੀਤ ਕੌਰ,ਏਐਸਆਈ ਮੈਡਮ ਏਐਸਆਈ ਬਲਜਿੰਦਰ ਕੌਰ,ਅਧਿਆਪਕਾ ਮੈਡਮ ਕੰਵਲਪ੍ਰੀਤ ਕੌਰ ਸੰਧੂ,ਸੀਨੀਅਰ ਪੱਤਰਕਾਰ ਜਸ਼ਨ ਮੋਗਾ,,ਮੈਡਮ ਸੁਰਿੰਦਰ ਕੌਰ,ਮੈਡਮ ਸੋਨੀਆ ਗਰਗ ਹੁਰਾਂ ਬੇਸ਼ੱਕ ਔਰਤਾਂ ਨੇ ਹਰ ਖੇਤਰ ਤਰੱਕੀ ਕੀਤੀ ਹੈ ਪਰ ਫਿਰ ਵੀ ਅੱਜ ਵੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਨਹੀਂ ਸਮਝਿਆ ਜਾ ਰਿਹਾ ਅਤੇ ਉਨਾਂ ਨੂੰ ਸਿਰਫ ਘਰੇਲੂ ਕੰਮਕਾਰ ਤੱਕ ਹੀ ਸੀਮਤ ਰੱਖਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।ਇਸ ਵਾਸਤੇ ਜਰੂਰੀ ਹੈ ਕਿ ਔਰਤਾਂ ਨੂੰ ਬਣਦਾ ਮਾਨ-ਸਨਮਾਨ ਦੇਣ ਵਾਸਤੇ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਅਤੇ ਔਰਤ ਅਤੇ ਮਰਦ ਵਿਚਕਾਰਲੇ ਪਾੜੇ ਨੂੰ ਖਤਮ ਕਰਨਾ ਪਵੇਗਾ। ਉਨਾਂ ਕਿਹਾ ਕਿ ਅੱਜ ਵੀ ਹਰ ਘਰ ਵਿੱਚ ਮਾਪੇ ਆਪਣੀਆਂ ਲੜਕੀਆਂ ਨੂੰ ਇਹੀ ਨਸੀਅਤ ਦਿੰਦੇ ਹਨ ਕਿ ਉਹ ਦਿਨ ਛਿਪਣ ਤੋਂ ਪਹਿਲਾਂ ਘਰ ਵਾਪਸ ਆ ਜਾਣ ਕਿਉਂਕਿ ਮਾਪੇ ਆਪਣੇ ਆਲੇ ਦੁਆਲੇ ਨਿਤ ਦਿਨ ਵਾਪਰ ਰਹੀਆਂ ਘਟਨਾਵਾਂ ਕਾਰਨ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਨ । ਉਹਨਾਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਨੂੰ ਔਰਤਾਂ ਦੀ ਸੁਰੱਖਿਆ ਵਾਸਤੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਮਹਿਲਾਵਾਂ ਸਾਜ਼ਗਾਰ ਮਾਹੌਲ ਵਿਚ ਆਪਣੀ ਜ਼ਿੰਦਗੀ ਦੇ ਟੀਚੇ ਦੀ ਪ੍ਰਾਪਤੀ ਕਰ ਸਕਣ।


