ਗੁਰੂਹਰਸਹਾਏ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਵਾਸਤੇ 40 ਕਰੋੜ ਰੁਪਇਆ ਸਰਕਾਰ ਵੱਲੋਂ ਮਨਜ਼ੂਰ

ਫਿਰੋਜ਼ਪੁਰ, ਫਾਜਿਲਕਾ 6 ਮਾਰਚ (ਸੰਦੀਪ ਕੰਬੋਜ ਜਈਆ ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਬਿਹਤਰ ਆਵਾਜਾਈ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਸੜਕਾਂ ਦੀ ਉਸਾਰੀ ਅਤੇ ਰਿਪੇਅਰ ਦਾ ਕੰਮ ਬੜੇ ਜੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਤੇ ਸੂਚਨਾ ਤਕਨਾਲੋਜੀ ਮੰਤਰੀ ਵਿਭਾਗ ਵਿਜੇ ਇੰਦਰ ਸਿੰਗਲਾ ਵੱਲੋਂ ਗੁਰੂਹਰਸਹਾਏ ਵਿਖੇ ਕਰੀਬ 57 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗੋਲੂ ਕਾ ਮੋੜ-ਗੁਰੂਹਰਸਹਾਏ ਤੋ ਸਾਦਿਕ ਰੋਡ, ਗੁਰੂਹਰਸਹਾਏ- ਸ਼੍ਰੀ ਮੁਕਤਸਰ ਸਾਹਿਬ ਰੋਡ ਅਤੇ ਗੁਰੂਹਰਸਹਾਏ ਤੋਂ ਗੁਰਦੁਆਰਾ ਪੋਥੀਮਾਲਾ ਜਾਣ ਵਾਲੀਆਂ ਸੜਕਾਂ ਦਾ ਨੀਂਹ ਪੱਧਰ ਰੱਖਣ ਮੌਕੇ ਕੀਤਾ। ਇਸ ਮੋਕੇ ਉਨ੍ਹਾਂ ਦੇ ਨਾਲ ਚੀਫ਼ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐਸ.ਕੇ ਗੁਪਤਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਜੋ ਚੋਣਾਂ ਦੌਰਾਨ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਦਿਆਂ ਅੱਜ ਜਿਸ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉਸ ਕੰਮ ਨੂੰ ਸਾਲ ਤੱਕ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪੰਜਾਬ ਦੀਆਂ ਕਈ ਸੜਕਾਂ ਦੇ ਨੀਂਹ ਪੱਥਰ ਤਾਂ ਰੱਖੇ ਗਏ, ਪਰ ਕੰਮ ਨਹੀਂ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਵਾਸਤੇ 40 ਕਰੋੜ ਰੁਪਇਆ ਵੀ ਸਰਕਾਰ ਵੱਲੋਂ ਮਨਜ਼ੂਰ ਕਰਵਾ ਲਿਆ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਵਾਲੀ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਸਕੀਮ ਤਹਿਤ ਲੋਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਅਤੇ ਘਰ-ਘਰ ਨੌਕਰੀ ਤਹਿਤ ਬੇਰੁਜ਼ਗਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਵੀ ਇੱਕ ਸ਼ਲਾਘਾਯੋਗ ਉਪਰਾਲਾ ਹੈ ।ਇਸ ਮੌਕੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਜੇ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਸੜਕਾਂ ਦੇ ਨਵੀਨੀਕਰਨ ਤਹਿਤ ਜੋ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਹੋਰ ਵੀ ਕਈ ਪ੍ਰਾਜੈਕਟ ਹਲਕੇ ਦੇ ਵਿਕਾਸ ਲਈ ਲਿਆਂਦੇ ਜਾਣਗੇ। ਹੰਸ ਰਾਜ ਜੋਸਨ ਵੱਲੋਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੱਲ੍ਹ ਮਿਤੀ 7 ਮਾਰਚ ਨੂੰ ਕਾਂਗਰਸ ਪ੍ਰਧਾਨ ਸ੍ਰੀ. ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਲੋਕਾਂ ਵੱਲੋਂ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜਿੱਤ ਪ੍ਰਾਪਤ ਕਰਕੇ ਸੂਬੇ ਦਾ ਹੋਰ ਵਿਕਾਸ ਹੋ ਸਕੇ। ਇਸ ਮੌਕੇ ਐਸ.ਡੀ.ਐਮ ਸ਼੍ਰੀ ਕੁਲਦੀਪ ਬਾਵਾ, ਆਤਮਜੀਤ ਡੇਵਿਡ ਸੀਨੀਅਰ ਆਗੂ, ਅਮਨ ਦੁੱਗਲ, ਸੋਨੂੰ ਮੋਂਗਾ, ਸੀਮੂ ਪਾਸੀ, ਚਾਂਦ ਢੀਂਗਰਾ, ਰਾਜਾ ਕੁਮਾਰ ਪਬਲਿਕ ਅਲਾਉਂਸਰ, ਤਿਲਕ ਰਾਜ ਨੰਬਰਦਾਰ ਅਤੇ ਸੀਨੀਅਰ ਕਾਂਗਰਸੀ ਆਗੂ ਗੋਲੂਕਾ ਮੋੜ, ਜਸਬੀਰ ਸਿੰਘ ਸੇਖੋਂ ਸੀਨੀਅਰ ਆਗੂ ਮਹੰਤਾਂ ਵਾਲਾ,ਸੰਦੀਪ ਕੰਬੋਜ ਸਰਪੰਚ ਮਾਹਮੂਜੋਈਆ,ਰਾਕੇਸ਼ ਮੁਟਨੇਜਾ ਸੀਨੀਅਰ ਆਗੂ ਪੰਜੇ ਕੇ ਉਤਾੜ ਅਤੇ ਹਲਕਾ ਵਾਸੀ ਹਾਜ਼ਰ ਸਨ।


