ਵਿਜੀਲੈਂਸ ਮੋਗਾ ਨੇ ਕਲਰਕ ਨੂੰ ਫੜਿਆ ਰੰਗੇ ਹੱਥੀਂ ,ਰਜਿਸਟਰੀ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਮੰਗੀ ਸੀ ਰਿਸ਼ਵਤ

ਮੋਗਾ,6 ਮਾਰਚ (ਜਸ਼ਨ): ਅੱਜ ਵਿਜੀਲੈਂਸ ਵਿਭਾਗ ਮੋਗਾ ਵੱਲੋਂ ਰਿਸ਼ਵਤ ਮਾਮਲੇ ਵਿਚ ਧਰਮਕੋਟ ਦੇ ਰੈਵੀਨਿੳੂ ਵਿਭਾਗ ਵਿਚ ਤੈਨਾਤ ਕਲਰਕ ਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਵਿਜੀਲੈਂਸ ਸ: ਹਰਜਿੰਦਰ ਸਿੰਘ ਨੇ ਦੱਸਿਆ ਕਿ ਧਰਮਕੋਟ ਵਿਖੇ ਤਹਿਸੀਲਦਾਰ ਦੇ ਕੰਪਿੳੂਟਰ ਓਪਰੇਟਰ ਸ਼ਮਸ਼ੇਰ ਸਿੰਘ ਰਾਵੀ ਨੂੰ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਫੜਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਉਹਨਾਂ ਕੋਲ ਸ਼ਿਕਾਇਤਕਰਤਾ ਸੁਖਚੈਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੰਡੋਰੀ ਅਰਾਈਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਜ਼ਮੀਨ ਦੀ ਖਰੀਦ ਕੀਤੀ ਸੀ ਜਿਸ ਦੀ ਰਜਿਸਟਰੀ ਉਸ ਨੇ ਆਪਣੀ ਪਤਨੀ ਦੇ ਨਾਮ ’ਤੇ ਕਰਵਾਉਣੀ ਸੀ ਪਰ ਕਿਸੇ ਕਾਰਨ ਰਜਿਸਟਰੀ ਕਰਵਾਉਣ ਵਿਚ ਦਿੱਕਤ ਆ ਰਹੀ ਸੀ । ਸ਼ਿਕਾਇਤਕਰਤਾ ਮੁਤਾਬਕ ਉਹ ਜਦੋਂ ਤਹਿਸੀਦਾਰ ਦਫਤਰ ਵਿਖੇ ਨਿਤ ਦਿਨ ਗੇੜੇ ਮਾਰਦਾ ਸੀ ਤਾਂ ਉਕਤ ਕਲਰਕ ਸ਼ਮਸ਼ੇਰ ਸਿੰਘ ਨੇ ਉਸ ਤੋਂ ਦਫਤਰ ਆਉਣ ਦੀ ਵਜਹ ਪੁੱਛੀ ਤਾਂ ਸ਼ਿਕਾਇਤਕਰਤਾ ਨੇ ਰਜਿਸਟਰੀ ਨਾ ਹੋਣ ਬਾਰੇ ਕਲਰਕ ਨੂੰ ਦੱਸਿਆ ਜਿਸ ’ਤੇ ਕਲਰਕ ਨੇ ਰਜਿਸਟਰੀ ਕਰਵਾਉਣ ਲਈ 50 ਹਜ਼ਾਰ ਵਿਚ ਸੌਦਾ ਤੈਅ ਕੀਤਾ ਪਰ ਸ਼ਿਕਾਇਤਕਰਤਾ ਨੇ 25 ਹਜ਼ਾਰ ਦੇਣਾ ਮੰਨ ਲਿਆ ਜਿਸ ’ਤੇ ਸੁਖਚੈਨ ਸਿੰਘ ਨੇ ਪਹਿਲਾਂ 15 ਹਜ਼ਾਰ ਰੁਪਏ ਦੀ ਰਕਮ ਸ਼ਮਸ਼ੇਰ ਸਿੰਘ ਨੂੰ  ਬਤੌਰ ਰਿਸ਼ਵਤ ਦੇ ਦਿੱਤੀ ਅਤੇ ਬਾਕੀ ਦੀ 10 ਹਜ਼ਾਰ ਅਜੇ ਬਕਾਇਆ ਸੀ ਜੋ ਸੁਖਚੈਨ ਸਿੰਘ ਨੇ ਰਜਿਸਟਰੀ ਦੀ ਕਾਪੀ ਲੈਣ ਵੇਲੇ ਸ਼ਮਸ਼ੇਰ ਸਿੰਘ ਨੂੰ ਦੇਣੀ ਸੀ ਪਰ ਉਸ ਨੇ ਇਹ ਰਕਮ ਉਸ ਦੇ ਵਸੋਂ ਬਾਹਰੀ ਹੋਣ ਕਰਕੇ ਨਾ ਦਿੱਤੀ ਪਰ ਅਖੀਰ ਦੋਨਾਂ ਦਰਮਿਆਨ 10 ਹਜ਼ਾਰ ਦੀ ਬਜਾਏ 8 ਹਜ਼ਾਰ ਵਿਚ ਸੌਦਾ ਤੈਟ ਹੋ ਗਿਆ ਅਤੇ ਅੱਜ ਜਦੋਂ ਸ਼ਿਕਾਇਤਕਰਤਾ ਨੇ 8 ਹਜ਼ਾਰ ਦੀ ਰਕਮ ਸ਼ਮਸ਼ੇਰ ਸਿੰਘ ਰਾਵੀ ਦੇ ਹਵਾਲੇ ਕੀਤੀ ਤਾਂ ਮੌਕੇ ’ਤੇ ਪਹੰੁਚੀ ਵਿਜੀਲੈਂਸ ਦੀ ਟੀਮ ਨੇ ਉਕਤ ਕਲਰਕ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਡੀ ਐੱਸ ਪੀ ਨੇ ਦੱਸਿਆ ਕਿ ਉਹਨਾਂ ਖੁਦ ਮੌਕੇ ’ਤੇ ਆਪਣੀ ਪੁਲਿਸ ਪਾਰਟੀ ਅਤੇ ਦੋ ਸਰਕਾਰੀ ਗਵਾਹਾਂ ਡਾ. ਮਾਣਕ(ਐੱਮ ਬੀ ਬੀ ਐੱਸ) ਅਤੇ ਡਾ. ਮਨਿੰਦਰਜੀਤ ਸਿੰਘ (ਐੱਮ ਐੱਸ) ਦੀ ਹਾਜ਼ਰੀ ਵਿਚ ਕਲਰਕ ਸ਼ਮਸ਼ੇਰ ਸਿੰਘ ਨੂੰ ਰਿਸ਼ਵਤ ਦੇ ਪੈਸਿਆਂ ਸਮੇਤ ਗਿ੍ਰਫਤਾਰ ਕਰ ਲਿਆ ਹੈ।