ਪੁਲਵਾਮਾ ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਅਤੇ ਪਿਤਾ ਜਸਵੰਤ ਸਿੰਘ ਨੇ ਭਾਰਤੀ ਫੌਜ ਵੱਲੋਂ ਅੱਤਵਾਦੀ ਕੈਂਪਾਂ ’ਤੇ ਕੀਤੇ ਹਮਲੇ ਲਈ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ

ਮੋਗਾ, 26 ਫਰਵਰੀ (ਜਸ਼ਨ): ਭਾਰਤੀ ਹਵਾਈ ਫੌਜ ਵੱਲੋਂ ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਬੰਬਾਰੀ ਕੀਤੀ ਗਈ ਜਿਸ ਦੌਰਾਨ ਅੱਤਵਾਦੀ ਜਥੇਬੰਦੀ ਜੈਸ਼ ਏ ਮੁਹੰਮਦ ਦਾ ਇਕ ਵੱਡਾ ਕੈਂਪ ਨੇਸਤੋਨਬੂਦ ਕਰ ਦਿੱਤਾ ਗਿਆ । ਇਸ ਦੌਰਾਨ ਕਈ ਅੱਤਵਾਦੀ ਮਾਰੇ ਗਏ । ਭਾਰਤੀ ਫੌਜ ਵੱਲੋਂ ਕੀਤੇ ਇਸ ਹਮਲੇ ਬਾਰੇ ਪ੍ਰਤੀਕਰਨ ਦਿੰਦਿਆਂ ਪੁਲਵਾਮਾ ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਨੇ ਆਖਿਆ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਅਤੇ ਅੱਜ ਇਸ ਹਮਲੇ ਵਿਚ ਅੱਤਵਾਦੀਆਂ ਦੇ ਵੱਡੀ ਗਿਣਤੀ ਵਿਚ ਮਾਰੇ ਜਾਣ ਨਾਲ ਪੁਲਵਾਮਾ ਦੇ 42 ਸ਼ਹੀਦਾਂ ਦੀਆਂ ਰੂਹਾਂ ਨੂੰ ਸਕੂਨ ਮਿਲਿਆ ਹੈ । ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਅਜਿਹੇ ਹਮਲੇ ਜਾਰੀ ਰੱਖੇ ਜਾਣ ਤਾਂ ਕਿ ਅੱਤਵਾਦ ਨੂੰ ਜੜੋ ਖਤਮ ਕੀਤਾ ਜਾ ਸਕੇ। ਸ਼ਹੀਦ ਜੈਮਲ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਆਖਿਆ ਕਿ ਇਸ ਹਮਲੇ ਨਾਲ ਨਾ ਸਿਰਫ਼ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਾਤੀ ਮਿਲੀ ਹੈ ਬਲਕਿ ਸਮੁੱਚਾ ਪੰਜਾਬ ਅਤੇ ਦੇਸ਼ ਅੱਤਵਾਦ ਨੂੰ ਦਿੱਤੇ ਇਸ ਜਵਾਬ ’ਤੇ ਰਾਹਤ ਮਹਿਸੂਸ ਕਰ ਰਿਹਾ ਹੈ।