ਪਿੰਡ ਘੱਲ ਕਲਾਂ ਵਿਖੇ ਲਗਾਇਆ ਮਿੰਨੀ ਕਿਸਾਨ ਮੇਲਾ, ਵੱਖ-ਵੱਖ ਪਿੰਡਾਂ ਤੋ ਪਹੁੰਚੇ ਕਿਸਾਨ

ਮੋਗਾ 26 ਫਰਵਰੀ:(ਜਸ਼ਨ):‘‘ਪੰਜਾਬ ਵਿੱਚ ਖੇਤੀ ਦੇ ਧੰਦੇ ਨੂੰ ਲਾਹੇਵੰਦਾਂ ਧੰਦੇ ਵਜੋ ਵਿਕਸਿਤ ਕਰਨ ਲਈ ਪੰਜ ਸਿਧਾਂਤਾਂ ਅਨੁਸਾਰ ਖੇਤੀ ਕਰਨੀ ਸਮੇ ਦੀ ਮੁੱਖ ਲੋੜ ਹੈ।’’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਘੱਲ ਕਲਾਂ ਵਿਖੇ ਦੇਸ਼ ਭਗਤ ਪਾਰਕ ਵਿੱਚ ਕਰਵਾਏ ਮਿੰਨੀ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੋਰ ‘ਤੇ ਪੁੱਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਤੇ ਪ੍ਰਸਿੱਧ ਵਿਗਿਆਨੀ ਡਾਕਟਰ ਰਮਨਦੀਪ ਸਿੰਘ ਨੇ ਕੀਤਾ। ਇਸ ਮੌਕੇ ਡਾ. ਰਮਨਦੀਪ ਨੇ ਕਿਹਾ ਕਿ ਖੇਤੀ ਨੂੰ ਲਾਹੇਵੰਦਾਂ ਧੰਦਾ ਬਣਾਉਣ ਲਈ ਕਿਸਾਨ ਵੀਰਾਂ ਦਾ ਸਭ ਤੋਂ ਪਹਿਲਾਂ ਖੁਦ ਖੇਤੀ ਧੰਦੇ ਨਾਲ ਸਮਰਪਿਤ ਹੋਣਾ ਅਤੀ ਜਰੂਰੀ ਹੈ। ਉਨਾਂ ਕਿਹਾ ਕਿ ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਸਾਨੂੰ ਆਪਣੇ ਪੱਧਰ ‘ਤੇ ਮੰਡੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਕਿਸਾਨ ਨੂੰ ਰੋਜ਼ਾਨਾ ਆਮਦਨ ਹੋਵੇਗੀ ਅਤੇ ਕਿਸਾਨ ਆਰਥਿਕ ਪੱਖੋਂ ਮਜਬੂਤ ਹੋਵੇਗਾ। ਇਸ ਮੌਕੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲੇ ਵਾਲਿਆਂ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਕਿਸਾਨਾਂ ਦਾ ਰੁਝਾਨ ਕੁਦਰਤੀ ਖੇਤੀ ਵੱਲ ਹੋਣਾ ਹੀ ਸਮੇਂ ਦੀ ਮੁੱਖ ਲੋੜ ਹੈ। ਉਨਾਂ ਕਿਹਾ ਕਿ ਫਲਾਂ, ਸਬਜੀਆਂ ਆਦਿ ਖਾਣ ਵਾਲੀਆਂ ਫ਼ਸਲਾਂ ਤੇ ਅਸੀ ਜ਼ਹਿਰਾਂ ਦਾ ਛਿੜਕਾਅ ਕਰਕੇ ਲੋਕਾਂ ਨੂੰ ਜ਼ਹਿਰ ਪਰੋਸ ਰਹੇ ਹਾਂ, ਜਿਸ ਦੇ ਭਾਗੀਦਾਰ ਅਸੀ ਸਾਰੇ ਹਾਂ। ਉਨਾਂ ਕਿਹਾ ਕਿ ਜੇਕਰ ਫ਼ਸਲਾਂ ਉਪੱਰ ਰੋਜ਼ਮਰਾ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਜਹਿਰੀਲੀਆਂ ਦਵਾਈਆਂ ਤੇ ਖਾਦਾਂ ‘ਤੇ ਕਾਬੂ ਨਾ ਕੀਤਾ, ਤਾਂ ਆਉਣ ਵਾਲੇ ਸਮੇ ਵਿੱਚ ਸਾਡੀਆਂ ਪੀੜੀਆ ਨੂੰ ਸੰਤੁਲਨ ਬਰਕਰਾਰ ਰੱਖਣ ਲਈ ਤਰਸਨਾ ਪੈ ਸਕਦਾ ਹੈ। ਇਸ ਮੌਕੇ ਖੇਤੀ ਮਾਹਿਰ ਡਾ. ਹਰਨੇਕ ਸਿੰਘ ਰੋਡੇ ਨੇ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋ ਕਿਸਾਨੀ ਨੂੰ ਕਾਮਯਾਬ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਬਾਬਾ ਗੁਰਮੀਤ ਸਿੰਘ ਪਿੰਡ ਖੋਸਾ ਕੋਟਲਾ, ਖੋਸਾ ਰਣਧੀਰ, ਖੋਸਾ ਪਾਡੋ ਦੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਕਰਕੇ ਖੁਦ ਸਬਜ਼ੀਆਂ ਦਾ ਮੰਡੀਕਰਨ ਕਰਨ ਲਈ ਯਤਨ ਕਰ ਰਹੇ ਹਨ।
ਇਸ ਮੌੋਕੇ ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਨੇ ਸਮੂਹ ਖੇਤੀ ਮਾਹਿਰਾਂ ਦਾ ਤੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲਿਆਂ ਦਾ ਪਿੰਡ ਪਹੁੰਚਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਮੇਲੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ, ਜਿੰਨਾਂ ਸਦਕਾ ਕਿਸਾਨਾਂ ਨੂੰ ਖੇਤੀਬਾੜੀ ਲਈ ਨਵੇਂ-ਨਵੇਂ ਤੌਰ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਇਸ ਕਿਸਾਨ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਡਾ ਪਰਮਜੀਤ ਸਿੰਘ, ਡਾ. ਗੁਰਦੀਪ ਸਿੰਘ, ਡਾ ਅਮਨਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਦਰ ,ਡਾ. ਅਮਨਦੀਪ ਕੌਰ, ,ਡਾ ਬਲਜਿੰਦਰ ਸਿੰਘ, ਸਮੂਹ ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਦੇ ਕਰਮਚਾਰੀ, ਮਨਜੀਤ ਸਿੰਘ ਘੱਲ ਕਲਾਂ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।


