ਪ੍ਰ੍ਰਮੇਸ਼ਰ ਦਾ ਨਾਮ ਲੈਣਾ ਹੀ ਅਸਲੀ ਪੂਜਾ ਹੈ :ਭਾਈ ਪੰਥਪ੍ਰੀਤ ਸਿੰਘ

ਕੋਟਕਪੂਰਾ, 24 ਫਰਵਰੀ (ਟਿੰਕੂ ਕੁਮਾਰ) :- ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਉੱਘੇ ਪ੍ਰਚਾਰਕ ਤੇ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਪੂਜਾ, ਵਰਤ, ਤਿਲਕ, ਇਸ਼ਨਾਨ, ਪੂਰਨਮਾਸ਼ੀ, ਮੱਸਿਆ, ਦਸਮੀਂ ਅਤੇ ਸੰਗਰਾਂਦ ਬਾਰੇ ਗੁਰਬਾਣੀ ’ਚੋਂ ਫੁਰਮਾਨ ਦਿੰਦਿਆਂ ਦੱਸਿਆ ਕਿ ਗਿਆਨਹੀਣ ਅਰਥਾਤ ਅਨਜਾਣ ਲੋਕਾਂ ਨੂੰ ਫਜ਼ੂਲ ਰਸਮਾਂ ਦੇ ਨਾਂਅ ’ਤੇ ਪੁਜਾਰੀਵਾਦ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਜਾਰੀ ਲੁੱਟ ਅੱਜ ਵੀ ਬਰਕਰਾਰ ਹੈ ਤੇ ਇਹ ਸਿਲਸਿਲਾ ਭਵਿੱਖ ’ਚ ਵੀ ਉਨਾਂ ਸਮਾਂ ਜਾਰੀ ਰਹੇਗਾ, ਜਦੋਂ ਤੱਕ ਅਸੀਂ ਗਿਆਨਵਾਨ ਅਰਥਾਤ ਜਾਗਿ੍ਰਤ ਨਹੀਂ ਹੁੰਦੇ। ਉਨਾਂ ਦੱਸਿਆ ਕਿ ਪ੍ਰਮੇਸ਼ਰ ਦਾ ਨਾਮ ਲੈਣਾ ਹੀ ਅਸਲੀ ਪੂਜਾ ਹੈ ਤੇ ਪ੍ਰਮਾਤਮਾ ਨੂੰ ਯਾਦ ਕਰਨ ਲਈ ਅਰਥਾਤ ਪੂਜਾ ਕਰਨ ਵਾਸਤੇ ਕਿਸੇ ਸਮੱਗਰੀ ਜਾਂ ਫਜ਼ੂਲ ਰਸਮ ਦੀ ਜਰੂਰਤ ਹੀ ਨਹੀਂ ਪੈਂਦੀ। ਉਨਾਂ ਪੂਜਾ ਦੇ ਨਾਂਅ ’ਤੇ ਸਮਾਂ, ਸ਼ਕਤੀ ਤੇ ਵਿਅਰਥ ਜਾ ਰਹੇ ਸਰਮਾਏ ਦੀਆਂ ਅਨੇਕਾਂ ਉਦਾਹਰਨਾ ਦਿੱਤੀਆਂ ਅਤੇ ਵਰਤ ਦੀ ਪਰਿਭਾਸ਼ਾ ਬਿਆਨ ਕਰਦਿਆਂ ਉਨਾਂ ਦੱਸਿਆ ਕਿ ਇਕ ਜਾਂ ਜਿਆਦਾ ਦਿਨ ਅੰਨ ਨੂੰ ਤਿਆਗ ਦੇਣਾ ਹੀ ਵਰਤ ਨਹੀਂ ਬਲਕਿ ਅੱਖਾਂ ਮਾੜਾ ਨਾ ਦੇਖਣ, ਕੰਨ ਮਾੜਾ ਨਾ ਸੁਣਨ, ਮਨ ਮਾੜਾ ਨਾ ਸੋਚੇ, ਜੀਭ ਨਿੰਦਿਆ-ਚੁਗਲੀ ਆਦਿਕ ਤੋਂ ਪ੍ਰਹੇਜ ਕਰੇ, ਇਹ ਹੀ ਅਸਲ ਵਰਤ ਹੈ। ਉਨਾ ਗੁਰਬਾਣੀ ਦੇ ਗਿਆਨ ਨਾਲ ਮਨ ਦਾ ਇਸ਼ਨਾਨ ਕਰਨ ਨੂੰ ਹੀ ਸਹੀ ਇਸ਼ਨਾਨ ਦਰਸਾਉਂਦਿਆਂ ਆਖਿਆ ਕਿ ਤੀਰਥਾਂ ਦਾ ਇਸ਼ਨਾਨ ਕਰਨ ਨਾਲ ਸਰੀਰ ਦੀ ਸ਼ੁੱਧਤਾ ਤਾਂ ਸੁਭਾਵਿਕ ਹੈ ਪਰ ਗੁਰਬਾਣੀ ’ਚ ਅਸਲ ਇਸ਼ਨਾਨ ਸਿਰਫ ਮਨ ਦਾ ਹੀ ਲਿਖਿਆ ਗਿਆ ਹੈ। ਉਨਾਂ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਾਏ ਜਾ ਰਹੇ ਤਿਲਕ ਦਾ ਵਿਸਥਾਰ ਸਹਿਤ ਜਿਕਰ ਕਰਦਿਆਂ ਆਖਿਆ ਕਿ ਪੁਜਾਰੀਵਾਦ ਦਾ ਇਹ ਨਿਖੱਧਯੋਗ ਕਦਮ ਵੀ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਉਨਾ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਵਾੜਾਦਰਾਕਾ ਨੇ ਵੀ ਗੁਰਬਾਣੀ ਦੀ ਕਸਵੱਟੀ ’ਤੇ ਪੂਰੀਆਂ ਉਤਰਣ ਵਾਲੀਆਂ ਰਸਮਾਂ ਤੇ ਮਨੌਤਾਂ ਨੂੰ ਸਵੀਕਾਰ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਕੱਟਣ ਅਰਥਾਤ ਵਿਰੋਧੀ ਮਨੌਤਾਂ ਦਾ ਰੱਜ ਕੇ ਵਿਰੋਧ ਹੋਣਾ ਚਾਹੀਦਾ ਹੈ।