ਕਾਂਗਰਸ ਨੂੰ ਅਕਾਲੀਆਂ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ-ਸੁਖਜਿੰਦਰ ਸਿੰਘ ਰੰਧਾਵਾ,ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲਿਆਂ ਨੂੰ ਉਂਗਲਾਂ ਚੁੱਕਣ ਦਾ ਕੋਈ ਹੱਕ ਨਹੀਂ

 ਚੰਡੀਗੜ, 19 ਫਰਵਰੀ-(INTERNATIONAL PUNJABI NEWS BUREAU) :  ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ ’ਤੇ ਸਖਤ ਪ੍ਰਤੀਕਿਰਿਆ ਕਰਦਿਆਂ ਆਖਿਆ ਕਿ ਕਾਂਗਰਸ ਨੂੰ ਅਕਾਲੀਆਂ ਤੋਂ ਦੇਸ਼ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ।  ਉਨਾਂ ਇਸ ਤੋਂ ਵੀ ਅੱਗੇ ਜਾਂਦਿਆਂ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਭਾਰਤੀ ਸੰਵਿਧਾਨ ਦੀਆਂ ਸ਼ਰੇਆਮ ਕਾਪੀਆਂ ਸਾੜੀਆਂ ਹੋਣ, ਉਹ ਲੋਕ ਅੱਜ ਰਾਸ਼ਟਰ ਭਗਤੀ ਦਾ ਵਿਖਾਵਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਕਾਂਗਰਸ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੋਂਦ ’ਚ ਆਈ ਸੀ ਅਤੇ ਆਜ਼ਾਦੀ ਦੀ ਲੜਾਈ ਮੌਕੇ ਇੱਕੋ-ਇੱਕ ਅਜਿਹੀ ਪਾਰਟੀ ਸੀ, ਜਿਸ ਨੇ ਸੁਤੰਤਰਤਾ ਸੰਗਰਾਮ ’ਚ ਸਭ ਤੋਂ ਵੱਡਾ ਯੋਗਦਾਨ ਪਾਇਆ।   ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ’ਤੇ ਪੰਜਾਬ’ਚ ਅਤਿਵਾਦ ਦੇ ਦਿਨਾਂ ਦੌਰਾਨ ਅਤਿਵਾਦੀਆਂ ਦੇ ਭੋਗਾਂ ’ਤੇ ਜਾਣ ਦੀਆਂ ਬੁਜ਼ਦਿਲ ਤੇ ਕਾਇਰਾਨਾ ਕਾਰਵਾਈਆਂ ’ਤੇ ਸੁਆਲ ਚੁੱਕਦਿਆਂ ਕਿਹਾ ਕਿ ਅੱਜ ਉਨਾਂ ਨੂੰ ਰਾਸ਼ਟਰਭਗਤੀ ਕਿਵੇਂ ਯਾਦ ਆ ਗਈ? ਉਨਾਂ ਕਿਹਾ ਕਿ ਅਕਾਲੀ ਦਲ ਦੇ ਇਸ ਆਗੂ ਦੇ ਦੋਹਰੇ ਮਿਆਰਾਂ ਕਾਰਨ ਪੰਜਾਬ ਨੂੰ ਲੰਬਾ ਸਮਾਂ ਸੰਤਾਪ ਹੰਢਾਉਣਾ ਪਿਆ। ਅਕਾਲੀ ਆਗੂਆਂ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ’ਚ ਸਭ ਤੋਂ ਵੱਡਾ ਦੋਸ਼ੀ ਕਰਾਰ ਦਿੰਦਿਆਂ ਕੈਬਿਨਟ ਮੰਤਰੀ ਨੇ ਆਖਿਆ ਕਿ ਇਕੱਲੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗਿ੍ਰਫਤਾਰੀ ਸਿੱਖ ਸੰਗਤਾਂ ਦੇ ਵਲੂੰਧਰੇ ਹਿਰਦਿਆਂ ’ਤੇ ਮਲ੍ਹਮ ਲਾਉਣ ਲਈ ਕਾਫੀ ਨਹੀਂ ਸਗੋਂ ਉਨਾਂ ਲੋਕਾਂ ’ਤੇ ਕਾਰਵਾਈ ਵੀ ਜਰੂਰੀ ਹੈ, ਜਿਨਾਂ ਦੇ ਇਸ਼ਾਰਿਆਂ ’ਤੇ ਆਈ ਜੀ ਉਮਰਾਨੰਗਲ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਸ ਵੇਲੇ ਦੇ ਮੁੱਖ ਮੰਤਰੀ (ਪ੍ਰਕਾਸ਼ ਸਿੰਘ ਬਾਦਲ) ਤੇ ਉਸ ਵੇਲੇ ਦੇ ਗ੍ਰਹਿ ਮੰਤਰੀ (ਸੁਖਬੀਰ ਸਿੰਘ ਬਾਦਲ) ਵਿਰੁੱਧ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ 20 ਸਾਲ ਪਹਿਲਾਂ ਅਤਿਵਾਦੀ ਮਸੂਦ ਦੀ ਸੁਰੱਖਿਅਤ ਰਿਹਾਈ ਕਰਨ ਵਾਲੀ ਉਸ  ਮੌਕੇ ਦੀ ਭਾਜਪਾ ਦੀ ਅਗਵਾਈ ਵਾਲੀ ਆਪਣੀ ਸਹਿਯੋਗੀ ਸਰਕਾਰ ਨੂੰ ਵੀ ‘ਦੇਸ਼ਧ੍ਰੋਹੀ’ ਦਾ ਸਰਟੀਫਕਿੇਟ ਦੇਣ ਦੀ ਮੰਗ ਕਰਦਿਆਂ ਸੀਨੀਅਰ ਕਾਂਗਰਸ ਆਗੂ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਇੱਕੋ-ਇੱਕ ਏਜੰਡਾ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਭਾਵਨਾਵਾਂ ’ਚ ਰੰਗ ਕੇ ਇੱਕ ਦੂਜੇ ਖਿਲਾਫ ਲੜਾਉਣਾ ਹੈ ਜਦਕਿ ਦੇਸ਼ ਅਤੇ ਪੰਜਾਬ ‘ਚ ਏਕਤਾ ਤੇ ਅਖੰਡਤਾ ਉਨਾਂ ਦੇ ਕਿਸੇ ਵੀ ਏਜੰਡੇ ’ਤੇ ਨਹੀਂ।