’ਤੇ ਹੁਣ ਨਹੀਂ ਹੋਵੇਗੀ ਲੜਕੀਆਂ ਦੀ ਭਰੂਣ ਹੱਤਿਆ,ਪੰਜਾਬੀਆਂ ਦੀ ਸੋਚ ਬਦਲੀ,ਲੜਕੀ ਜੰਮਣ ਦੀ ਖੁਸ਼ੀ ’ਚ ਨਾਨੀ ਬਲਜਿੰਦਰ ਕੌਰ ਖਾਲਸਾ ਨੇ ਹਸਪਤਾਲ ‘ਚ ਵੰਡੇ ਲੱਡੂ

ਫਰੀਦਕੋਟ,8 ਫਰਵਰੀ (ਰਜਿੰਦਰ ਕੋਟਲਾ):ਅੱਜ ਦੇ ਜਮਾਨੇ ’ਚ ਜਿੱਥੇ ਕਈ ਲੋਕ ਕੁੜੀਆਂ ਨੂੰ ਕੁੱਖ ’ਚ ਕਤਲ ਕਰਵਾਉਂਦੇ ਹਨ ਅਤੇ ਕੁੜੀ ਦੇ ਜਨਮ ਲੈਣ ’ਤੇ ਨਫਰਤ ਕਰਦੇ ਹਨ ਅਤੇ ਬਹੁਤੇ ਲੋਕ ਮੁੰਡਿਆਂ ਦੀ ਖਾਤਰ ਸਾਧਾਂ ਦੇ ਡੇਰਿਆ ’ਤੇ ਜਾ ਕੇ ਗੋਡੇ ਰਗੜਦੇ ਹਨ ਅਤੇ ਚੌਕੀਆਂ ਭਰਦੇ,ਟੂਣੇ-ਟਾਮਣ ਕਰਦੇ ਅਤੇ ਢਾਲੇ ਆਦਿ ਵੀ ਲਾਉਂਦੇ ਹਨ ਉੱਥੇ ਹੀ ਹੁਣ ਅਗਾਂਹਵਧੂ ਸੋਚ ਦੇ ਮਾਲਕ ਕਈ ਲੋਕ ਅਜਿਹੇ ਵੀ ਸਾਹਮਣੇ ਆ ਰਹੇ ਹਨ,ਜੋ ਮੁੰਡੇ-ਕੁੜੀਆ ’ਚ ਕੋਈ ਵੀ ਫਰਕ ਨਹੀਂ ਸਮਝਦੇ ਬਲਕਿ ਮੁੰਡਾ ਜਾਂ ਕੁੜੀ ਉਸ ਨੂੰ ਰੱਬ ਦੀ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਦੇ ਹਨ। ਪੰਜਾਬੀਆਂ ਦੇ ਮੱਥੇ ਤੋਂ ਕੁੜੀਮਾਰਾਂ ਦਾ ਕਲੰਕ ਲਾਹੁਣ ਲਈ ਯਤਨਸ਼ੀਲ ਲੋਕਾਂ ਵਿਚੋਂ ਅੱਜ ਇਕ ਅਜਿਹੀ ਹੀ ਮਿਸਾਲ ਫਰੀਦਕੋਟ ਸ਼ਹਿਰ ਦੀ ਫਿਰੋਜਪੁਰ ਰੋਡ ਦੇ ਵਸਨੀਕ ਬਲਜਿੰਦਰ ਕੌਰ ਖਾਲਸਾ ਨੇ ਆਪਣੇ ਸਪੁੱਤਰ ਚਮਕੌਰ ਸਿੰਘ ਭੁੱਲਰ ਅਤੇ ਬੀਬੀ ਸੰਦੀਪ ਕੌਰ ਭੁੱਲਰ ਦੇ ਘਰ ਲੜਕੀ ਦੇ ਜਨਮ ਲੈਣ ਮੌਕੇ ਮਿਲੀ ਜਦੋਂ ਬੱਚੀ ਦੀ ਨਾਨੀ ਨੇ ਦੋਹਤੀ ਜੰਮਣ ਦੀ ਖੁਸ਼ੀ ਹਸਪਤਾਲ ਵਿਚ ਲੱਡੂ ਵੰਡ ਕੇ ਮਨਾਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਿੰਦਰ ਸਿੰਘ ਖਾਲਸਾ ਨੇ ਦੱਸਿਆ ਭੁੱਲਰ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਲੜਕੀ ਦੇ ਜਨਮ ਲੈਣ ਕਰਕੇ ਭੋਰਾ ਵੀ ਗਮ ਨਹੀਂ ਬਲਕਿ ਖੁਸ਼ੀ ਹੈ। ਇਸ ਸਬੰਧੀ ਉਨਾਂ ਸਰਕਾਰੀ ਹਸਪਤਾਲ ਫਰੀਦਕੋਟ ਵਿਖੇ ਹਸਪਤਾਲ ਦੇ ਸਮੂਹ ਸਟਾਫ ਅਤੇ ਹੋਰਨਾਂ ਨੂੰ ਲੱਡੂ ਵੰਡ ਕੇ ਲੜਕੀ ਦੇ ਜਨਮ ਲੇੈਣ ਦੀ ਖੁਸ਼ੀ ਮਨਾਈ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆ। ਇਸ ਮੌਕੇ ’ਤੇ ਡਾ: ਦਵਿੰਦਰ ਸਿੰਘ,ਮੈਡਮ ਗੁਰਮੀਤ ਕੌਰ,ਮੈਡਮ ਸਤਿੰਦਰ ਕੌਰ, ਮੈਡਮ ਗੁਰਦੇਵ ਕੌਰ,ਮੈਡਮ ਜਸਪ੍ਰੀਤ ਕੌਰ(ਹਸਪਤਾਲ ਸਟਾਫ),ਬੀਬੀ ਪਰਮਜੀਤ ਕੌਰ,ਬੀਬੀ ਸੁਰਿੰਦਰ ਕੌਰ, ਕਰਨਪ੍ਰੀਤ ਸਿੰਘ,ਸੁਖਪ੍ਰੀਤ ਕੌਰ,ਸੁਖਦੇਵ ਸਿੰਘ ਭਾਣਾ ਆਦਿ ਹਾਜਰ ਸਨ।