ਗੁਰਸੇਵਕ ਸਿੰਘ ਚੀਮਾ ਨੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰੀ ਕੀਤੀ ਪੇੇਸ਼

ਮੋਗਾ,7 ਫਰਵਰੀ (INTERNATIONAL PUNJABI NEWS BUREAU) : ਪੰਜਾਬ ਕਾਂਗਰਸ ਦੇ ਪਲੈਨਿੰਗ ਅਤੇ ਕੋਆਰਡੀਨੇਸ਼ਨ ਸੈੱਲ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਸੇਵਕ ਸਿੰਘ ਚੀਮਾ ਨੇ ਅੱਜ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰੀ ਪੇੇਸ਼ ਕਰ ਦਿੱਤੀ। ਚੰਡੀਗੜ ਵਿਖੇ ਕਾਂਗਰਸ ਭਵਨ ਵਿਚ ਉਹਨਾਂ ਕਾਂਗਰਸ ਦੇ ਦਫਤਰ ਇੰਚਾਰਜ ਜਗਨੇਸ਼ ਕੁਮਾਰ ਰਿੰਕੂ ਨੂੰ ਆਪਣੀ ਦਾਅਵੇਦਾਰੀ ਸਬੰਧੀ ਫਾਈਲ ਸੌਂਪੀ । ਇਸ ਮੌਕੇ ਉਹਨਾਂ ਨਾਲ ਪੰਜਾਬ ਕਾਂਗਰਸ ਦੇ ਬੁਲਾਰੇ ਰਾਜਪਾਲ ਸਿੰਘ ਅਤੇ ਸੂਬਾ ਸਕੱਤਰ ਰਣਜੀਤ ਸਿੰਘ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਗੁਰਸੇਵਕ ਸਿੰਘ ਚੀਮਾ ਪਹਿਲਾਂ ਕਾਂਗਰਸ ਦੇ ਸੂਬਾ ਸਕੱਤਰ ਅਤੇ ਵਿਸ਼ੇਸ਼ ਇਨਵਾਈਟੀ ਦੇ ਅਹੁਦਿਆਂ ਦੀ ਸ਼ਾਨ ਵਧਾ ਚੁੱਕੇ ਹਨ । ਇਸ ਤੋਂ ਇਲਾਵਾ ਉਹਨਾਂ 2007 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਮੋਗਾ ਤੋਂ ਤੇ ਫਿਰ 2012 ‘ਚ ਧਰਮਕੋਟ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ । ਕਾਂਗਰਸ ਵੱਲੋਂ ਉਹਨਾਂ ਦੇ ਤਜ਼ੁਰਬੇ ਨੂੰ ਦੇਖਦਿਆਂ ਜ਼ਿਮਨੀ ਚੋਣਾਂ ਦੌਰਾਨ ਦੋ ਵਾਰ ਕੋਆਰਡੀਨੇਟਰ ਵੀ ਲਗਾਇਆ ਜਾ ਚੁੱਕੈ। ਸਰਹੱਦੀ ਜ਼ਿਲੇ ਫ਼ਿਰੋਜ਼ਪੁਰ ਅੰਦਰ ਵੋਟ ਬੈਂਕ ਤੇ ਚੰਗਾ ਰਸੂਖ ਰੱਖਦੀ ਓ ਬੀ ਸੀ ਬਰਾਦਰੀ ਨਾਲ ਸੰਬੰਧਤ ਗੁਰਸੇਵਕ ਸਿੰਘ ਚੀਮਾ ਸੂਬਾ ਪੱਧਰ ‘ਤੇ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਜਿੱਤਣ ਦੀ ਸਮਰੱਥਾ ਵੀ ਰੱਖਦੇ ਹਨ। ਉਨਾਂ ਕਾਂਗਰਸ ਹਾਈ ਕਮਾਂਡ ਵਿਸ਼ੇਸ਼ਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪਿ੍ਰਅੰਕਾ ਗਾਂਧੀ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਿਆਂ ਕਿਹਾ ਕਿ ਕਾਂਗਰਸ ਦੀ ਪ੍ਰਮੁੱਖ ਨੀਤੀ ਮੁਤਾਬਕ ਜਿਵੇਂ ਐੱਸ ਸੀ ਵਰਗ ਲਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ ਉਸੇ ਤਰਜ਼ ’ਤੇ ਓ ਬੀ ਸੀ ਵਰਗ ਦੇ ਸੰਵਿਧਾਨਕ ਹੱਕਾਂ ਨੂੰ ਤਸਲੀਮ ਕਰਦਿਆਂ ਜੇਕਰ ਕਾਂਗਰਸ ਪਾਰਟੀ ਉਨਾਂ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾ ਕੇ ਨਿਵਾਜਦੀ ਹੈ ਤਾਂ ਉਹ ਉਨਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ ਅਤੇ ਫਿਰੋਜ਼ਪੁਰ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ ।


