ਭਾਰਤੀ ਜਾਗ੍ਰਤੀ ਮੰਚ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ

ਮੋਗਾ 7 ਫਰਵਰੀ:(ਜਸ਼ਨ): ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਸਹਾਇਕ ਕਮਿਸ਼ਨਰ (ਜਨਰਲ) ਲਾਲ ਵਿਸ਼ਵਾਸ਼ ਬੈਂਸ ਦੀ ਯੋਗ ਅਗਵਾਈ ਹੇਠ ਭਾਰਤੀ ਜਾਗ੍ਰਤੀ ਮੰਚ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਸੈਂਟਰ ਦੀਆਂ ਸਿਖਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਜ਼ਿਲਾ ਸਵੀਪ ਕੋਆਰਡੀਨੇਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਨਾਂ ਵਿਅਕਤੀਆਂ ਦੀ ਉਮਰ 1 ਜਨਵਰੀ 2019  ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਅਤੇ ਉਨਾਂ ਨੇ ਅਜੇ ਤੱਕ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਵਾ ਸਕਦੇ ਹਨ। ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ 6 ਭਰ ਕੇ ਸਮੇਤ ਉਮਰ ਦਾ ਸਬੂਤ, ਰਿਹਾਇਸ਼ ਦਾ ਸਬੂਤ, ਪਾਸਪੋਰਟ ਸਾਈਜ਼ ਫ਼ੋਟੋ ਲਗਾ ਕੇ ਬੀ. ਐਲ.ਓ ਜਾਂ ਐਸ.ਡੀ.ਐਮ ਦਫ਼ਤਰ ਜਾਂ ਜ਼ਿਲਾ ਚੋਣ ਅਫ਼ਸਰ ਦੇ ਦਫ਼ਤਰ ਜਮਾਂ ਕਰਵਾਏ ਜਾ ਸਕਦੇ ਹੈ। ਉਨਾਂ ਦੱਸਿਆ ਕਿ ਵੋਟ ਬਨਾਉਣ ਲਈ nvsp ਪੋਰਟਲ ਤੇ ਆੱਨਲਾਈਨ ਵੀ  ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨਾਂ ਨੇ ਵੋਟਰ ਹੈਲਪ  ਲਾਈਨ ਐਪ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਐਨ.ਜੀ.ਓ.  ਜ਼ਿਲਾ ਕੋਆਰਡੀਨੇਟਰ ਐਸ.ਕੇ. ਬਾਂਸਲ ਨੇ ਸਿਖਿਆਰਥਣਾਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਵੋਟ ਬਣਵਾਉਣ ਲਈ ਪ੍ਰੇਰਿਆ। ਭਾਰਤੀ ਜਾਗ੍ਰਤੀ ਮੰਚ ਦੇ ਚੇਅਰਮੈਨ ਵੇਦ ਵਿਆਸ ਕਾਂਸਲ ਨੇ ਕਿਹਾ ਕਿ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਜ਼ਿਲਾ ਪ੍ਰਸਾਸ਼ਨ ਨੂੰ ਵੋਟਰ ਜਾਗਰੂਕਤਾ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੀ ਕੇਸ਼ਵ ਗੋਇਲ, ਮਾਸਟਰ ਪ੍ਰੇਮ ਕੁਮਾਰ, ਮੈਡਮ ਰਜਨੀ ਬਾਲਾ ਆਦਿ ਹਾਜ਼ਰ ਸਨ। ਇਸ ਕੈਂਪ ਵਿੱਚ ਮੌਕੇ ’ਤੇ ਹੀ ਸੱਤ ਸਿਖਿਆਰਥਣਾਂ ਦੀਆਂ ਵੋਟਾਂ ਬਣਾਉਣ ਦੇ ਫਾਰਮ 6 ਭਰੇ ਗਏ।