9 ਤੋਂ 11 ਫਰਵਰੀ ਦੇ ਪੀ ਐਸ ਯੂ ਦੇ ਸੂਬਾ ਇਜਲਾਸ ਵਿੱਚ ਸਵਾਗਤੀ ਭਾਸ਼ਣ ਦੇਣਗੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘ

ਸਮਾਲਸਰ,7 ਫਰਵਰੀ (ਜਸ਼ਨ )- ਅੱਜ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਲਜ ਯੂਨਿਟ ਦੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜਿਲਾ ਆਗੂ ਜਸਪ੍ਰੀਤ ਸਿੰਘ ਰਾਜੇਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਾਲਜ ਦੀਆਂ ਮੁੱਖ ਸਮੱਸਿਆਵਾਂ ਲੜਕੇ ਅਤੇ ਲੜਕੀਆਂ ਨੂੰ ਇੱਕਠੇ ਬੈਠਣ ਅਤੇ ਗੱਲਬਾਤ ਤੋਂ ਰੋਕਣ , ਲਾਇਬ੍ਰੇਰੀ ਦਾ ਸੁਚੱਜੇ ਰੂਪ ਵਿੱਚ ਨਾ ਚੱਲਣਾ , ਕਾਲਜ ਕੋਲ ਗਰਾਉਂਡ ਨਾ ਹੋਣ, ਪਾਣੀ ਦਾ ਪ੍ਰਬੰਧ ਨਾ ਹੋਣ ਅਤੇ ਕਾਲਜ ਦੀ ਸਫਾਈ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿਚ ਕਾਲਜ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਜਿਲਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਦੱਸਿਆ ਕਿ 9,10,11 ਫਰਵਰੀ ਨੂੰ ਸੂਬਾ ਇਜਲਾਸ ਜੋ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਿਹਾ ਹੈ ਜਿਸ ਵਿੱਚ ਸ਼ਹੀਦ ਭਗਤ ਸਿੰਘ ਭਾਣਜਾ ਪ੍ਰੋਫੈਸਰ ਜਗਮੋਹਨ ਸਿੰਘ ਸਵਾਗਤੀ ਭਾਸ਼ਣ ਕਰਨਗੇ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪ੍ਰੋਫੈਸਰ ਵਿਕਾਸ ਵਾਜਪਾਈ ਉਦਘਾਟਨੀ ਭਾਸ਼ਣ ਪੇਸ਼ ਕਰਨਗੇ। ਉਨਾਂ 15 ਫਰਵਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਹੀਦ ਜਰਨੈਲ ਸਿੰਘ ਜੈਲੀ ਦੀ ਖਿਨੌਰੀ (ਸੰਗਰੂਰ) ਵਿਖੇ ਮਨਾਈ ਜਾ ਰਹੀ ਅੱਠਵੀਂ ਬਰਸੀ ਸਬੰਧੀ ਗੱਲ ਕੀਤੀ ਅਤੇ ਸ਼ਹੀਦ ਜਰਨੈਲ ਸਿੰਘ ਜੈਲੀ ਦੇ ਜੀਵਨ ਸਬੰਧੀ ਵੀ ਚਾਣਨਾ ਪਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈਂਦਿਆ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਜਿਲਾ ਆਗੂ ਜਸਪ੍ਰੀਤ ਸਿੰਘ ਰਾਜੇਆਣਾ ਅਤੇ ਕਾੱਲਜ ਕਮੇਟੀ ਦੀ ਖਜਾਨਚੀ ਅਮਨਦੀਪ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਸਰਕਾਰਾਂ ਨੇ ਸਿੱਖਿਆ ਦੀ ਨਿੱਜੀਕਰਨ ਦੀ ਨੀਤੀ ਤੇ ਚੱਲਦਿਆਂ ਕਾਰਪੋਰੇਟ ਸੈਕਟਰ ਨੂੰ ਧੜਾ-ਧੜ ਸਰਕਾਰੀ ਸਕੂਲ , ਕਾੱਲਸ ਅਤੇ ਯੂਨੀਵਰਸਿਟੀਆਂ ਵੇਚ ਦਿੱਤੇ ਹਨ ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤੀ ਹੈ। ਪਿਛਲੇ ਸਮੇਂ ਤੋਂ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਜਿਸਨੇ ਸਿੱਖਿਆ ਦਾ ਨਿੱਜੀਕਰਨ ਦਾ ਕੁਹਾੜਾ ਤੇਜ ਕੀਤਾ ਹੈ ਉਥੇ ਹੀ ਸਿੱਖਿਆ ਨੂੰ ਭਗਵਾਂ ਰੰਗ ਦਿੱਤਾ ਹੈ ਅਤੇ ਸਿਲੇਬਸਾਂ ਵਿੱਚ ਮਿਥਹਾਸਿਕ ਗੱਲਾਂ ਸ਼ਾਮਿਲ ਕਰਕੇ ਵਿਦਿਆਰਥੀਆਂ ਨੂੰ ਅੰਧ ਵਿਸ਼ਵਾਸੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਦੇ ਖਿਲਾਫ 18 ਫਰਵਰੀ ਨੂੰ ਦੇਸ਼ ਦੀਆਂ ਵੱਖ-ਵੱਖ ਵਿਦਿਆਰਥੀਆਂ , ਅਧਿਆਪਕਾਂ, ਪ੍ਰੋਫੈਸਰ ਅਤੇ ਜਮਹੂਰੀ ਤਬਕਿਆਂ ਵੱਲੋਂ ਦਿੱਲੀ ਵਿਖੇ ਵਿਸ਼ਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ । ਇਸ ਮੌਕੇ ਕਾਲਜ ਯੂਨਿਟ ਦੇ ਮੈਂਬਰ ਬੂਟਾ ਸਿੰਘ , ਬਲਜਿੰਦਰ ਸਿੰਘ, ਸੰਦੀਪ ਸਿੰਘ ਘੋਲੀਆ, ਜੰਗ ਸਿੰਘ, ਭੋਲਾ ਆਲਮਵਾਲਾ, ਸੀਰਾ ਘੋਲੀਆ ਕਲਾਂ, ਅਰਸ਼ ਸਮਾਲਸਰ ਹਾਜ਼ਰ ਸਨ।