ਰਾਸ਼ਟਰਪਤੀ ਨੇ ਡਾ. ਗੁਰਨਾਮ ਸਿੰਘ ਨੂੰ ਪ੍ਰਦਾਨ ਕੀਤਾ ਸੰਗੀਤ ਨਾਟਕ ਅਕੈਡਮੀ ਐਵਾਰਡ

ਚੰਡੀਗੜ, 6 ਫਰਵਰੀ:(INTERNATIONAL PUNJABI NEWS BUREAU) ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਗੁਰਮਤਿ ਸੰਗੀਤਾਚਾਰੀਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਅਤੇ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਿਨਤ ਕੀਤਾ ਹੈ।ਇਸ ਮੌਕੇ ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਡਾ. ਗੁਰਨਾਮ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਕਾਸ਼ ਪੁਰਬ ਦੀ ਵਧਾਈ ਪੰਜਾਬੀ ਭਾਸ਼ਾ ’ਚ ਦਿੱਤੀ।
ਵਰਣਨਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਵੱਲੋਂ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿੱਚ ਕਾਰਜਸ਼ੀਲ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਦੀ ਹੈ।ਜਿਕਰਯੋਗ ਹੈ ਕਿ ਡਾ. ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸੰਪੂਰਣ ਰਾਗਾਂ ਉਤੇ ਕਈ ਵਰਿਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿੱਚ ਪਹਿਲੀ ਵਾਰ ਲਿਖਤ ਤੇ ਸੁਰਲਿਪੀ ਬੱਧ ਰੂਪ ਵਿੱਚ ਇਨਾਂ ਦੀਆਂ ਕਈ ਵਾਰ ਰਿਕਾਰਿਡੰਗਜ਼ ਕਰਵਾਈਆਂ ਹਨ। ਇਸ ਤੋਂ ਇਲਾਵਾ ਉਨਾਂ ਨੇ ਗੁਰਮਿਤ ਸੰਗੀਤ ਨੂੰ ਅਕਾਦਿਮਕ ਵਿਸ਼ੇ ਵਜੋਂ ਆਪਣੀ ਖੋਜ, ਅਧਿਐਨ ਅਤੇ ਅਧਿਆਪਨ ਨਾਲ ਵਿਕਸਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਵਿੱਚ ਲਾਗੂ ਕਰਵਾਇਆ ਹੈ।
ਡਾ. ਗੁਰਨਾਮ ਸਿੰਘ ਨੂੰ ਰਾਸ਼ਟਰਪਤੀ ਵੱਲੋਂ ਵਕਾਰੀ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣ ’ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਹਾਰਦਿਕ ਵਧਾਈ ਦਿੱਤੀ ਹੈ। ਉਨਾਂ ਨੇ ਡਾ. ਗੁਰਨਾਮ ਸਿੰਘ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਵੱਲੋਂ ਗੁਰਮਤਿ ਸੰਗੀਤ ਦੇ ਖੇਤਰ ’ਚ ਪਾਇਆ ਵਿਲੱਖਣ ਯੋਗਦਾਨ ਸ਼ਲਾਘਾਯੋਗ ਹੈ, ਤੇ ਉਨਾਂ ਨੂੰ ਮਿਲੇ ਇਸ ਪੁਰਸਕਾਰ ਨਾਲ ਪਟਿਆਲਾ ਸ਼ਹਿਰ ਅਤੇ ਸਮੁਚੇ ਪੰਜਾਬੀ ਜਗਤ ਦਾ ਵੀ ਮਾਣ ਵਧਿਆ ਹੈ।