ਸੁਖਪਾਲ ਸਿੰਘ ਖਹਿਰਾ ਨੇ ‘ਪੰਜਾਬੀ ਏਕਤਾ ਪਾਰਟੀ ’ਦੇ ਮੋਗਾ ਦਫਤਰ ਦਾ ਉਦਘਾਟਨ ਕਰਦਿਆਂ ਆਖਿਆ ‘‘ਲੋਕਾਂ ਨਾਲ ਜੁੜੇ ਮਸਲੇ ਅਕਾਲੀਆਂ ਅਤੇ ਕਾਂਗਰਸੀ ਸਰਕਾਰਾਂ ਦੇ ਏਜੰਡੇ ’ਤੇ ਹੀ ਨਹੀਂ ਹਨ’’

ਮੋਗਾ,5 ਫਰਵਰੀ (ਹਰਵਿੰਦਰ ਸਿੰਘ ਬੱਬੂ / ਜਸ਼ਨ): ਮੋਗਾ ਦੀ ਗਰੀਨ ਵੈਲੀ ਕਲੋਨੀ ਵਿਖੇ ਸੁਖਪਾਲ ਸਿੰਘ ਖਹਿਰਾ ‘ਪੰਜਾਬੀ ਏਕਤਾ ਪਾਰਟੀ ’ਦੀ ਮੋਗਾ ਇਕਾਈ ਦੇ ਦਫਤਰ ਦਾ ਉਦਘਾਟਨ ਕਰਨ ਪਹੰੁਚੇ। ਗਰੀਨ ਵੈਲੀ ਕਲੋਨੀ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਮੌਕੇ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਪੋਲਿਟੀਕਲ ਅਫੇਅਰਸ ਕਮੇਟੀ ਦੇ ਮੈਂਬਰ ਸ੍ਰ. ਦਲਜੀਤ ਸਿੰਘ ਸਦਰਪੁਰਾ ,ਜਗਦੀਪ ਸਿੰਘ ਬਰਾੜ ਜ਼ਿਲਾ ਪ੍ਰਧਾਨ ਪੀ ਈ ਪੀ ਵੀ ਹਾਜ਼ਰ ਸਨ।
ਇਸ ਮੌਕੇ ਪਾਰਟੀ ਦੇ ਜ਼ਿਲਾ ਦਫਤਰ ਦਾ ਉਦਘਾਟਨ ਕਰਨ ਉਪਰੰਤ ਸੁਖਪਾਲ ਸਿੰਘ ਖਹਿਰਾ ਨੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਪਾਰਟੀ ਵਰਕਰਾਂ ਨਾਲ ਸੰਵਾਦ ਰਚਾਇਆ ਜਿਸ ਦੌਰਾਨ ਆਵਾਰਾ ਪਸ਼ੂਆਂ ਅਤੇ ਡਾਵਾਂਡੋਲ ਸਿਹਤ ਅਤੇ ਸਿੱਖਿਆ ਸੰਸਥਾਵਾਂ ਬਾਰੇ ਪਾਰਟੀ ਵਰਕਰਾਂ ਨੇ ਮਸਲੇ ਉਠਾਏ ਜਿਸ ਦੇਜਵਾਬ ਵਿਚ ਖਹਿਰਾ ਨੇ ਆਖਿਆ ਕਿ ਲੋਕਾਂ ਨਾਲ ਜੁੜੇ ਮਸਲੇ ਅਕਾਲੀਆਂ ਅਤੇ ਕਾਂਗਰਸੀ ਸਰਕਾਰਾਂ ਦੇ ਏਜੰਡੇ ’ਤੇ ਹੀ ਨਹੀਂ ਹਨ ।
ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਪੰਜਾਬ ਦੇ ਭੱਖਦੇ ਮੱਸਲਿਆਂ ’ਤੇ ਵਿਚਾਰ ਚਰਚਾ ਕਰਨ ਲਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਚੰਗੇਰੇ ਭਵਿੱਖ ਦੀ ਆਸ ਨੂੰ ਲੈ ਕੇ ਲਗਾਤਾਰ ਵਿਦੇਸ਼ਾਂ ਵੱਲ ਭੱਜ ਰਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਸੂਬੇ ਦੇ ਨੌਜਵਾਨਾਂ ਲਈ ਕੋਈ ਠੋਸ ਨੀਤੀ ਨਹੀਂ ਹੈ ਜਿਸ ਕਾਰਨ ਕੋਈ ਨੌਜਵਾਨ ਪੰਜਾਬ ਵਿਚ ਰਹਿਣਾ ਨਹੀਂ ਲੋਚਦਾ। ਉਹਨਾਂ ਕਿਹਾ ਕਿ ਪੰਜਾਬ ਵਿਚ ਰਾਜ ਕਰਨ ਵਾਲੇ ਅਮੀਰ ਪਰਿਵਾਰਾਂ ਨੇ ਸੂਬੇ ਦੇ ਵੱਡੇ ਵਪਾਰਾਂ ’ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੁਦਰਤੀ ਸਰੋਤਾਂ ਤੋਂ ਹੋਣ ਵਾਲੀ ਆਮਦਨ ਮਾਫ਼ੀਆ ਤੰਤਰ ਰਾਹੀਂ ਸਿੱਧੀ ਧਨਾਢਾਂ ਦੀਆਂ ਜੇਬਾਂ ਵਿਚ ਪੈ ਰਹੀ ਹੈ ਜਿਸ ਕਾਰਨ ਸੂਬੇ ਦੀ ਆਰਥਿਕ ਸਥਿਤੀ ਹਾਸ਼ੀਏ ’ਤੇ ਜਾ ਖਲੋਤੀ ਹੈ। ਖਹਿਰਾ ਨੇ ਆਖਿਆ ਕਿ ਪੰਜਾਬ ਦੇ ਹਾਲਾਤਾਂ ਨੂੰ ਬੇਹਤਰ ਕਰਨ ਲਈ ਕੁਝ ਕੁ ਵੱਡੇ ਵਪਾਰਾਂ ’ਤੇ ਚੁਨਿੰਦਾ ਪਰਿਵਾਰਾਂ ਦੀ ਮਨੌਪਲੀ ਖਤਮ ਕਰਨ ਨਾਲ ਇਕ ਲੱਖ ਨੌਜਵਾਨਾਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਪਟਨ ਅਤੇ ਬਾਦਲਾਂ ਦੇ ਚੁੰਗਲ ‘ਚੋਂ ਬਾਹਰ ਆਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਸਹੀ,ਪੜੇ ਲਿਖੇ ਅਤੇ ਸੂਝਵਾਨ ਉਮੀਦਵਾਰਾਂ ਨੂੰ ਚੁਨਣ। ਇਸ ਮੌਕੇ ਦਲਜੀਤ ਸਿੰਘ ਸਦਰਪੁਰਾ ਨੇ ਆਏ ਹੋਏ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਆਪਣੇ ਵਰਕਰਾਂ ਨਾਲ ਖੜੇ ਰਹਿਣਗੇ ਅਤੇ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ।



