‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਤਹਿਤ ਸਿੱਖਿਆ ਅਧਿਕਾਰੀਆਂ ਦੀ ਰੀਵਿਊ ਮੀਟਿੰਗ,ਨਤੀਜੇ ਵਿੱਚ ਸੁਧਾਰ ਲਈ ਕੀਤਾ ਪ੍ਰੇਰਿਤ

ਐੱਸ.ਏ.ਐੱਸ. ਨਗਰ,4 ਫਰਵਰੀ (INTERNATIONAL PUNJABI NEWS BUREAU) ਸਿੱਖਿਆ ਮੰਤਰੀ ਓ ਪੀ ਸੋਨੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਸਮੇਂ-ਸਮੇਂ ਉੱਤੇ ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ. ਇਸੇ ਤਹਿਤ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਪ੍ਰੋਜੈਕਟ ਦੀ ਵਿਸ਼ੇਸ਼ ਰੀਵਿਊ ਮੀਟਿੰਗ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡਾਇਟ ਪਿ੍ਰੰਸੀਪਲਾਂ, ਬਲਾਕ ਸਿੱਖਿਆ ਅਫ਼ਸਰਾਂ ਤੇ ਬਲਾਕ ਮਾਸਟਰ ਟਰੇਨਰਾਂ ਨਾਲ਼ ਕੀਤੀ ਗਈ. ਇਸ ਮੀਟਿੰਗ ਵਿੱਚ ਡੀਪੀਆਈ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ ਵੀ ਉਚੇਚੇ ਤੌਰ ਉੱਤੇ ਹਾਜ਼ਰ ਰਹੇ.ਇਸ ਮੌਕੇ ਸਿੱਖਿਆ ਸਕੱਤਰ ਸਕੱਤਰ ਕਿਸ਼ਨ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਬਲਾਕ ਸਿੱਖਿਆ ਅਫ਼ਸਰ ਮੌਜੂਦਾ ਸੂਚਨਾ ਤਕਨਾਲੋਜੀ ਦੀ ਸਹੀ ਵਰਤੋਂ ਕਰਦਿਆਂ ਵਿਗਿਆਨਕ ਸੋਚ ਨਾਲ ਆਪਣੇ-ਆਪਣੇ ਖੇਤਰ ਦਾ ਵਿਸ਼ਲੇਸ਼ਣ ਕਰਕੇ ਵਿਦਿਆਰਥੀਆਂ ਦਾ ਦਾਖਲਾ ਸਕੂਲਾਂ ਵਿੱਚ ਵਧਾਉਣ ਲਈ ਯੋਜਨਾਬੰਦੀ ਕਰਨ. ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਚਲਾਈ ਜਾ ਰਹੀ ‘ਈਚ ਵੰਨ ਬਰਿੰਗ ਵੰਨ‘ ਮੁਹਿੰਮ ਤਹਿਤ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਸ਼੍ਰੇਣੀਆਂ ਵਿੱਚ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ. ਸਕੂਲਾਂ ਤੋਂ ਗੈਰ ਹਾਜ਼ਰ ਰਹਿ ਰਹੇ ਬੱਚਿਆਂ ਦੀ ਸੂਚੀਆਂ ਬਣਾ ਕੇ ਉਹਨਾਂ ‘ਤੇ ਕੰਮ ਕਰਨ ਦੀ ਅਪੀਲ ਕੀਤੀ. ਉਨ੍ਹਾਂ ਕਿਹਾ ਕਿ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਲਿਆਉਣ ਲਈ ਰਾਜ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ‘ਤੇ ਵਿਸ਼ੇਸ਼ ਯੋਜਨਾਬੰਦੀ ਕਰਕੇ ਅਧਿਆਪਕਾਂ ਵੱਲੋਂ ਨਵੀਆਂ ਤਕਨੀਕਾਂ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ. ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਸਿੱਖਣ ਪੱਧਰ ਉੱਚਾ ਚੁੱਕਣ ਲਈ ਬਾਲ ਕੇਂਦਰਿਤ ਟੀਚਾ ਪਹੁੰਚ ਅਪਣਾਉਂਦਿਆਂ ਕੰਮ ਕਰਨ ਦੀ ਜਰੂਰਤ ਹੈ.ਉਨ੍ਹਾਂ ਸਕੂਲੀ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਮਿਹਨਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਸਮਾਜਿਕ ਭਾਈਚਾਰੇ ਤੇ ਐਨ.ਆਰ.ਆਈ. ਲੋਕਾਂ ਦੇ ਸਹਿਯੋਗ ਨਾਲ ਸਕੂਲਾਂ  ਨੂੰ ਸਮਾਰਟ ਬਣਾਇਆ ਜਾ ਰਿਹਾ ਹੈ ਤੇ ਸਰਕਾਰੀ ਸਕੂਲਾਂ  ਨੂੰ ਖ਼ੂਬਸੂਰਤ ਦਿੱਖ ਦਿੱਤੀ ਗਈ ਹੈ. ਇਸ ਲੜੀ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਦੇ ਗੁਣਾਤਮਿਕ ਪੱਖ ਨੂੰ ਵੀ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਸਮਾਰਟ ਸਕੂਲਾਂ ਦੇ ਸਮਾਰਟ ਕਲਾਸਰੂਮਾਂ ਵਿੱਚ ਪ੍ਰੋਜੈਕਟਰ ਲਗਾ ਕੇ ਈ-ਕੰਟੈਂਟ ਦੁਆਰਾ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ. ਉਨਾਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਟੀਮ ਨੂੰ ਸਿੱਖਿਆ ਦੇ ਖੇਤਰ ਵਿੱਚ ਵਧੀਆ ਢੰਗ ਨਾਲ ਕੰਮ ਕਰਨ ਲਈ ਮਨੋਬਲ ਵਧਾਇਆ ਤੇ ਟੀਚਿਆਂ ਤੋਂ ਪਿੱਛੇ ਰਹਿ ਗਏ ਬੱਚਿਆਂ ਨੂੰ ਵਿਸ਼ੇਸ਼ ਤਵੱਜੋਂ ਦਿੰਦਿਆਂ ਅੰਤਿਮ ਜਾਂਚ ਤੋਂ ਪਹਿਲਾਂ ਟੀਚਿਆਂ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕਰਨ ਲਈ ਕਿਹਾ. ਇਸ ਦੌਰਾਨ ਸਹਾਇਕ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਡਾ. ਦਵਿੰਦਰ ਬੋਹਾ ਵੱਲੋਂ ਪਿਛਲੇ ਦਿਨੀਂ ਪਹਿਲੀ ਤੋਂ ਪੰਜਵੀਂ ਸ਼੍ਰੇਣੀ ਦੇ ਬੱਚਿਆਂ ਦੀ ਕਰਵਾਈ ਜਾਂਚ ਤੇ ਆਧਾਰਿਤ ਅਗਲੀ ਸਕੂਲ, ਬਲਾਕ ਤੇ ਜ਼ਿਲ੍ਹਾ ਵਾਇਜ਼ ਵਿਸ਼ੇਸ਼ ਨੀਤੀ ਤਿਆਰ ਕਰਨ ਲਈ ਕਿਹਾ. ਇਸ ਮੌਕੇ ਸਹਾਇਕ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਪਿ੍ਰੰਸੀਪਲ ਡਾਇਟ ਤੇ ਹੋਰ ਆਹਲਾ ਅਧਿਕਾਰੀ ਵੀ ਹਾਜ਼ਰ ਸਨ।