ਵਿਦਿਆਰਥੀਆਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕਰਨ ਹਿਤ ਕਰਵਾਇਆ ਸੈਮੀਨਾਰ,ਭੀੜ ਭਰੀਆਂ ਥਾਵਾਂ ਤੇ ਜਾਣ ਵੇਲੇ ਮਾਸਕ ਜਾਂ ਰੁਮਾਲ ਦਾ ਇਸਤੇਮਾਲ ਜ਼ਰੂਰੀ-ਡਾ. ਨਰੇਸ਼

ਮੋਗਾ,4 ਫਰਵਰੀ (ਜਸ਼ਨ) : ਸਵਾਈਨ ਫਲੂ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ ਸਿਹਤ ਵਿਭਾਗ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ ਦੇ ਆਦੇਸ਼ਾਂ ਤੇ ਅਤੇ ਜਿਲਾ ਐਪੀਡੀਮਾਲੋਜ਼ਿਸਟ ਡਾ. ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਸਵਾਈਨ ਫਲੂ ਬਾਰੇ ਜਾਗਰੂਕਤਾ ਸੈਮੀਨਾਰਾਂ ਅਤੇ ਮੁਹੱਲਿਆਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਸਵਾਈਨ ਫਲੂ ਖਿਲਾਫ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ।

ਇਸ ਸਬੰਧੀ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਆਰ.ਕੇ.ਐਸ. ਪਬਲਿਕ ਸੀਨੀ: ਸੈਕ: ਸਕੂਲ ਮੋਗਾ ਅਤੇ ਸਰਬੱਤ ਦਾ ਭਲਾ ਕਿੱਤਾਮੁਖੀ ਸਿਖਲਾਈ ਕੇਂਦਰ ਮੋਗਾ ਵਿਖੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕੀਤਾ ਅਤੇ ਪੈਂਫਲਿਟ ਵੰਡੇ ਗਏ । ਇਸ ਤੋਂ ਇਲਾਵਾ ਹੀਰਾ ਸਿੰਘ ਬਿਲਡਿੰਗ ਮੋਗਾ ਅਤੇ ਮੇਨ ਬਜਾਰ ਮੋਗਾ ਵਿੱਚ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਇਕੱਠੇ ਕਰਕੇ ਨੁੱਕੜ ਮੀਟਿੰਗਾਂ ਰਾਹੀਂ ਸਵਾਈਨ ਫਲੂ ਪ੍ਤੀ ਜਾਗਰੂਕ ਕੀਤਾ ਗਿਆ ।  ਇਸ ਮੌਕੇ ਆਪਣੇ ਸੰਬੋਧਨ ਦੌਰਾਨ ਐਪੀਡੀਮਾਲੋਜਿਸਟ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਲਕਿ ਤੁਰੰਤ ਇਲਾਜ਼ ਦੇ ਉਪਰਾਲੇ ਕਰਨ ਦੀ ਜਰੂਰਤ ਹੈ। ਇਹ ੧8੧ ਨਾਮ ਦੇ ਵਿਸ਼ਾਣੂ ਰਾਹੀਂ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਫੈਲਦਾ ਹੈ । ਇਸ ਵਿੱਚ ਤੇਜ ਬੁਖਾਰ, ਖਾਂਸੀ ਅਤੇ ਜੁਕਾਮ, ਗਲੇ ਵਿੱਚ ਦਰਦ, ਛਿੱਕਾਂ ਆਉਣੀਆਂ ਅਤੇ ਨੱਕ ਵਗਣਾ, ਸਰੀਰ ਟੁੱਟਣਾ, ਸਾਹ ਲੈਣ ਵਿੱਚ ਤਕਲੀਫ ਅਤੇ ਦਸਤ ਜਿਹੇ ਲੱਛਣ ਦਿਖਾਈ ਦਿੰਦੇ ਹਨ । ਉਨਾਂ ਕਿਹਾ ਕਿ ਸਾਨੂੰ ਖੰਘਦੇ ਜਾਂ ਛਿੱਕਦੇ ਜਾਂ ਭੀੜ ਵਾਲੀਆਂ ਥਾਵਾਂ ਤੇ ਜਾਣ ਸਮੇਂ ਮੂੰਹ ਤੇ ਰੁਮਾਲ ਰੱਖਣਾ, ਖੰਘ ਅਤੇ ਵਗਦੇ ਨੱਕ ਵਾਲੇ ਮਰੀਜ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ, ਤਣਾਅ ਮੁਕਤ ਰਹਿਣਾ, ਪੂਰੀ ਨੀਂਦ ਲੈਣਾ, ਬਹੁਤ ਸਾਰਾ ਪਾਣੀ ਪੀਣਾ ਅਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਪਖਾਨੇ ਤੋਂ ਬਾਅਦ, ਖਾਣਾ ਖਾਣ ਤੋਂ ਪਹਿਲਾਂ ਅਤੇ ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਹਿਲਾਂ ਸਾਨੂੰ ਆਪਣੇ ਹੱਥਾਂ ਨੂੰ ਜਰੂਰ ਧੋਣਾ ਚਾਹੀਦਾ ਹੈ।  ਉਹਨਾਂ ਬੱਚਿਆਂ ਨੂੰ ਹੱਥ ਧੋਣ ਦੇ ਛੇ ਸਟੈਪਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਕਿਹਾ ਕਿ ਸਾਨੂੰ ਕਿਸੇ ਵੀ ਸ਼ੱਕੀ ਮਰੀਜ ਨਾਲ ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ ਜਾਂ ਸਰੀਰਕ ਸੰਪਰਕ ਕਰਨਾ, ਬਾਹਰ ਖੁੱਲੇ ਵਿੱਚ ਥੁੱਕਣਾ ਅਤੇ ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਵਗੈਰਾ ਨਹੀਂ ਲੈਣੀ ਚਾਹੀਦੀ। ਉਹਨਾਂ ਸਕੂਲਾਂ ਕਾਲਜਾਂ ਦੇ ਮੁਖੀਆਂ ਨੂੰ ਉਪਰੋਕਤ ਲੱਛਣਾ ਵਾਲੇ ਵਿਦਿਆਰਥੀਆਂ ਨੂੰ 5 ਤੋਂ 7 ਦਿਨ ਤੱਕ ਘਰ ਰਹਿਣ ਲਈ ਛੁੱਟੀ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਇਹ ਬਿਮਾਰੀ ਅੱਗੇ ਨਾ ਵਧੇ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 01636227005 ਤੇ ਸੰਪਰਕ ਕੀਤਾ ਜਾ ਸਕਦਾ ਹੈ । ਇਸ ਮੌਕੇ ਪਿ੍ੰਸੀਪਲ ਮੈਡਮ ਰਜਨੀ ਅਰੋੜਾ, ਜਸਵੀਰ ਕੌਰ ਅਤੇ ਗੁਰਸੇਵਕ ਸਿੰਘ ਸੰਨਿਆਸੀ ਨੇ ਸਿਹਤ ਵਿਭਾਗ ਮੋਗਾ ਦੀ ਸਮੁੱਚੀ ਟੀਮ ਦਾ ਬੱਚਿਆਂ ਨੂੰ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਡਾ. ਨਰੇਸ਼ ਕੁਮਾਰ, ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ, ਕੇਵਲ ਸਿੰਘ, ਮੈਡਮ ਸੁਖਵਿੰਦਰ ਕੌਰ, ਮੈਡਮ ਰੀਤੂ, ਜਸਵੰਤ ਸਿੰਘ ਅਤੇ ਮੈਡਮ ਸਿਮਰਨ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜਰ ਸਨ ।