ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਰੋਜ਼ਗਾਰ ਬਿਊਰੋ ਦਾ ਕੀਤਾ ਦੌਰਾ

ਮੋਗਾ 4 ਫਰਵਰੀ:(ਜਸ਼ਨ): ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ‘ ਸਕੀਮ ਤਹਿਤ ਜ਼ਿਲਾ ਮੋਗਾ ਵਿਖੇ ਚਲਾਏ ਜਾ ਰਹੇ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜਿੰਦਰ ਬਤਰਾ ਵੱਲੋ ਰੋਜ਼ਗਾਰ ਬਿਊਰੋ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਬਿਊਰੋ ਸਟਾਫ਼ ਨਾਲ ਬਿਊਰੋ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰੀਵਿਊ ਮੀਟਿੰਗ ਕੀਤੀ। ਉਨਾਂ ਨੇ ਹਾਜ਼ਰ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਬਿਊਰੋ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੰਮ ਕਰਨ ਲਈ ਉਚੇਚੇ ਤੌੋਰ ‘ਤੇ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਪੜੇ-ਲਿਖੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 13 ਫਰਵਰੀ ਤੋ 22 ਫਰਵਰੀ ਤੱਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.) ਮੋਗਾ ਵਿਖੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨਾਂ ਬਿਊਰੋ ਦੇ ਅਮਲੇ ਨੂੰ ਇਨਾਂ ਰੋਜ਼ਗਾਰ ਮੇਲਿਆਂ ਨੂੰ ਵੱਧ ਤੋ ਵੱਧ ਸਫ਼ਲ ਬਨਾਉਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਘਰ-ਘਰ ਰੋਂਜ਼ਗਾਰ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਸੇਸ਼ ਪੋਰਟਲ www.ghargharrozgar.punjab.gov.in ‘ਤੇ ਕੋਈ ਵੀ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ‘ ਸਕੀਮ ਤਹਿਤ ਇਨਾਂ ਰੋਜ਼ਗਾਰ ਮੇਲਿਆ ਵਿੱਚ ਵੱਧ ਤੋ ਵੱਧ ਸ਼ਮੂਲੀਅਤ ਕਰਕੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਉਠਾਉਣ।


