ਮਾਉਟ ਲਿਟਰਾ ਜ਼ੀ ਸਕੂਲ ‘ਚ ਵਿਸ਼ਵ ਕੈਂਸਰ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਹਿਤ ਸੈਮੀਨਾਰ ਕਰਵਾਇਆ ਗਿਆ

ਮੋਗਾ, 4 ਫਰਵਰੀ (ਜਸ਼ਨ) - ਕੈਂਸਰ ਦੀ ਭਿਆਨਕ ਬੀਮਾਰੀ ਨੂੰ ਜੜੋਂ ਖਤਮ ਕਰਨ ਅਤੇ ਸਮਾਜ ਨੂੰ ਕੈਂਸਰ ਵਿਰੁੱਧ ਜਾਗਰੂਕ ਕਰਨ ਲਈ ਹਰ ਵਰੇ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ ਤਾਂ ਕਿ ਕੈਂਸਰ ਖਿਲਾਫ ਦੇਸ਼ ਦੀ ਆਬਾਦੀ ਇੱਕਜੁੱਟ ਹੋਕੇ ਆਵਾਜ ਬੁਲੰਦ ਕਰ ਸਕੇ ਅਤੇ ਇਸੇ ਤਹਿਤ ਅੱਜ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਜੋ ਕਿ ਪਿੰਡ ਪੁਰਾਣੇਵਾਲਾ (ਮੋਗਾ) ਵਿਖੇ ਸਥਿਤ ਹੈ, ‘ਚ ਵਿਸ਼ਵ ਕੈਂਸਰ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਡਾ. ਨਿਰਮਲ ਧਾਰੀ ਨੇ ਕੈਂਸਰ ਦੇ ਕਾਰਨਾਂ ਅਤੇ ਬਚਾਓ ਸੰਬੰਧੀ ਜਿੱਥੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਉੱਥੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਕੈਂਸਰ ਵਿਰੁੱਧ ਜਾਗਰੂਕਤਾ ਪੋਸਟਰ ਤਿਆਰ ਕਰਕੇ ਸਮਾਜ ਨੂੰ ਇਸ ਬੀਮਾਰੀ ਤੋਂ ਬਚਣ ਬਾਰੇ ਸੱਦਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਹਰ ਵਰੇ ਇਸ ਦਿਹਾੜੇ ਨੂੰ ਮਨਾਉਣ ਦਾ ਮਕਸਦ ਦੁਨੀਆ ਭਰ ‘ਚ ਸਰਕਾਰਾਂ ਅਤੇ ਪ੍ਰਾਈਵੇਟ ਸੰਗਠਨਾਂ ਵੱਲੋਂ ਹਰ ਵਿਅਕਤੀ ਤੇ ਕੈਂਸਰ ਜਾਗਰੂਕਤਾ ਸੰਬੰਧੀ ਦਬਾਅ ਪਾਉਣਾ, ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਸਿੱਖਿਆ ਰਾਹੀਂ ਜਾਣਕਾਰੀ ਦੇ ਕੇ ਹਰ ਵਰੇ ਹੁੰਦੀਆਂ ਸੈਂਕੜੇ ਮੌਤਾਂ ਦੀ ਰੋਕਥਾਮ ਕਰਨਾ ਹੈ। ਉਨਾਂ ਕਿਹਾ ਕਿ ਦਿਨ ਪ੍ਰਤੀਦਿਨ ਵੱਧ ਰਿਹਾ ਪ੍ਰਦੂਸ਼ਣ ਵੀ ਕੈਂਸਰ ਦਾ ਜਿੱਥੇ ਮੁੱਖ ਕਾਰਨ ਹੈ ਉੱਥੇ ਤੰਬਾਕੂਨੋਸ਼ੀ ਵੀ ਕੈਂਸਰ ਦਾ ਮੁੱਢਲਾ ਕਾਰਨ ਹੈ। ਸਕੂਲ ਦੇ ਗਾਂਧੀ ਅਤੇ ਆਇੰਸਟੀਨ ਹਾੳੂਸ ਵੱਲੋਂ ਕਰਵਾਏ ਇਸ ਸੈਮੀਨਾਰ ਦੌਰਾਨ ਆਪਸ ‘ਚ ਡਿਬੇਟ ਵੀ ਕੀਤੀ ਗਈ। ਅੱਗੇ ਸੰਬੋਧਨ ਕਰਦਿਆਂ ਪਿ੍ਰੰਸੀਪਲ ਡਾ. ਧਾਰੀ ਨੇ ਕਿਹਾ ਕਿ ਸਾਨੂੰ ਕੈਂਸਰ ਤੋਂ ਬਚਾਓ ਸੰਬੰਧੀ ਸਭ ਤੋਂ ਪਹਿਲਾਂ ਜਿੱਥੇ ਸਾਫ ਸੁਥਰੇ ਭੋਜਨ ਅਤੇ ਰੋਜ਼ਮਰਾ ਜ਼ਿੰਦਗੀ ਨੂੰ ਸੌਖਾਲਾ ਕਰਨਾ ਚਾਹੀਦਾ ਹੈ ਉੱਥੇ ਤੰਬਾਕੂਨੋਸ਼ੀ ਤੋਂ ਕੋਹਾਂ ਦੂਰ ਰਹਿਣਾ ਚਾਹੀਦਾ ਹੈ। ਉਨਾਂ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਉਨਾਂ ਦੇ ਕਰੀਬ ਵੀ ਕੋਈ ਤੰਬਾਕੂਨੋਸ਼ੀ ਕਰਦਾ ਹੈ ਤਾਂ ਉਹ ਉਸ ਸ਼ਖਸ ਨੂੰ ਬਿਨਾਂ ਕਿਸੇ ਭੈਅ ਤੋਂ ਰੋਕਣ ਅਤੇ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਪੂਰਾ ਕਰਨ। ਉਨਾਂ ਵਿਦਿਆਰਥੀਆਂ ਨੂੰ ਕੈਂਸਰ ਦੇ ਖਿਲਾਫ ਸਮਾਜ ‘ਚ ਛਿੜੀ ਜੰਗ ‘ਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰਨ ਦੀ ਅਪੀਲ ਕੀਤੀ ਤਾਂ ਕਿ ਇਸ ਨਾਮੁਰਾਦ ਬੀਮਾਰੀ ਨੂੰ ਜੜੋਂ ਖਤਮ ਕਰਕੇ ਚੰਗੇ ਅਤੇ ਨਿਰੋਗ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਇਸ ਮੌਕੇ ਵਧੀਆ ਪੋਸਟਰ ਤਿਆਰ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।