ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ‘ਤਹਿਤ ਮੋਗਾ ਜ਼ਿਲੇ ਦੇ ਪਿੰਡ ਫਤਿਹਗੜ ਕੋਰੋਟਾਣਾ ‘ਚ ਬਣਨ ਵਾਲੇ ਨਵੇਂ ਮਾਡਲ ਡਿਗਰੀ ਕਾਲਜ ਦਾ ਰੱਖਿਆ ਡਿਜ਼ੀਟਲ ਨੀਂਹ ਪੱਥਰ

ਮੋਗਾ 3 ਫ਼ਰਵਰੀ:(ਜਸ਼ਨ): ਅੱਜ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ‘ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ‘ ਤਹਿਤ ਮੋਗਾ ਜ਼ਿਲੇ ਦੀ ਬਲਾਕ ਧਰਮਕੋਟ ਦੇ ਪਿੰਡ ਫਤਿਹਗੜ ਕੋਰੋਟਾਨਾ ਵਿੱਚ ਬਣਨ ਵਾਲੇ ਨਵੇਂ ਮਾਡਲ ਡਿਗਰੀ ਕਾਲਜ ਦਾ ਡਿਜ਼ੀਟਲ ਨੀਂਹ ਪੱਥਰ ਸਥਾਨਕ ਮੀਟਿੰਗ ਹਾਲ ਵਿਖੇ ਰੱਖਿਆ ਗਿਆ। ਇਹ ਕਾਲਜ ਕੇਂਦਰ ਅਤੇ ਰਾਜ ਸਰਕਾਰ ਵੱਲੋਂ 60:40 ਦੇ ਅਨੁਪਾਤ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ।

ਇਸ ਕਾਲਜ ਲਈ ਪਿੰਡ ਫਤਿਹਗੜ ਕੋਰੋਟਾਨਾ ਵੱਲੋਂ 10.5 ਏਕੜ ਜਮੀਨ ਮੁਫ਼ਤ ਦਿੱਤੀ ਗਈ ਹੈ। ਇਹ ਕਾਲਜ ਵਿੱਦਿਆ ਪੱਖੋਂ ਪਿਛੜੇ ਮੋਗਾ ਜ਼ਿਲੇ ਦੇ ਵਿਦਿਆਰਥੀਆਂ ਦੀਆਂ ਉਚੇਰੀ ਸਿੱਖਿਆ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸ ਮਾਡਲ ਡਿਗਰੀ ਕਾਲਜ ਦੇ ਨਾਲ-ਨਾਲ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮਿ੍ਰਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੰਟਰਪ੍ਰੀਨਿਊਰਸ਼ਿਪ, ਰੋਜ਼ਗਾਰਯੋਗਤਾ ਅਤੇ ਕੈਰੀਅਰ ਹੱਬ ਦਾ ਵੀ ਡਿਜ਼ੀਟਲ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ‘ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ‘ ਦੇ ਦੂਸਰੇ ਪੜਾਅ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਆਰੀ ਅਤੇ ਉੱਤਮ ਸਿੱਖਿਆ ਪ੍ਰਦਾਨ ਕਰਨ ਵਜੋ 100 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸੇ ਤਰਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖੋਜ ਅਤੇ ਕੁਆਲਟੀ ਸੁਧਾਰ ਕੰਪੋਨੈਂਟ ਤਹਿਤ 50 ਕਰੋੜ ਦੀ ਗ੍ਰਾਂਟ ਪ੍ਰਵਾਨ ਕੀਤੀ ਗਈ ਹੈ। ਇਸ ਗ੍ਰਾਂਟ ਤਹਿਤ ਯੂਨੀਵਰਸਿਟੀ ਵੱਲੋਂ ਐਗਰੋ ਵੇਸਟ ਮੈਨੇਜਮੈਂਟ ਅਤੇ ਫ਼ੰਕਸ਼ਨਲ ਫੂਡ ਆਦਿ ਨਵੀਆਂ ਰਿਸਰਚ ਗਤੀਵੀਧਿਆਂ ਉਲੀਕੀਆਂ ਜਾਣਗੀਆਂ।
ਇਸ ਮੌਕੇ ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀ ਐਸ.ਕੇ.ਸੰਧੂ, ਸਕੱਤਰ ਉਚੇਰੀ ਸਿੱਖਿਆ-ਕਮ-ਪ੍ਰੋਜੈਕਟ ਡਾਇਰੈਕਟਰ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ(ਰੂਸਾ) ਸ੍ਰੀ ਵੀ.ਕੇ.ਮੀਨਾ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਡੀ.ਪੀ.ਆਈ ਪੰਜਾਬ ਸ੍ਰੀ ਗੁਰਲਵਲੀਨ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ,ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਸਿਆਸੀ ਤੇ ਪ੍ਰਸ਼ਾਸਨਿਕ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।


