ਦਰਿਆਵਾਂ ‘ਚ ਘੁਲ ਰਹੇ ਜ਼ਹਿਰ ਦੇ ਮਸਲੇ ’ਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਉਠਾਈ ਆਵਾਜ਼,ਮਸਲਾ ਵਿਧਾਨ ਸਭਾ ਅਤੇ ਹਾਈਕੋਰਟ ’ਚ ਪੁੱਜਣ ਦੀ ਸੰਭਾਵਨਾ

ਕੋਟਕਪੂਰਾ, 2 ਫਰਵਰੀ (ਟਿੰਕੂ ਕੁਮਾਰ) :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਦਰਿਆਵਾਂ ਦੇ ਪ੍ਰਦੂਸ਼ਿਤ ਹੋਏ ਪਾਣੀ ਸਬੰਧੀ ਮੁੱਖ ਮੰਤਰੀ ਪੰਜਾਬ, ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਲਿਖਤੀ ਅਤੇ ਜੁਬਾਨੀ ਤੌਰ ’ਤੇ ਕਈ ਵਾਰ ਸੂਚਿਤ ਕੀਤਾ ਕਿ ਗੰਧਲੇ ਪਾਣੀ ਕਾਰਨ ਪੰਜਾਬ ਅਤੇ ਗੁਆਂਢੀ ਸੂਬੇ ਰਾਜਸਥਾਨ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਸਮੇਤ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਰੀਕੇ ਪੱਤਣ ਹੈੱਡ ’ਤੇ ਪੁੱਜ ਕੇ ਮੁਸ਼ਕ ਮਾਰਦੇ ਜਹਿਰੀਲੇ ਪਾਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾ ਵਲੋਂ ਬੁੱਢੇ ਨਾਲੇ ਦਾ ਗੰਦਾ ਪਾਣੀ ਦਰਿਆਵਾਂ ’ਚ ਪੇਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਰਾਜਨੀਤਿਕ, ਗੈਰ ਸਿਆਸੀ, ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੂੰ ਅਪੀਲਾਂ ਕੀਤੀਆਂ ਕਿ ਉਹ ਮਨੁੱਖਤਾ ਦਾ ਦਰਦ ਸਮਝਦੇ ਹੋਏ ਇਸ ਸਮੱਸਿਆ ਦੇ ਹੱਲ ਲਈ ਮੂਹਰੇ ਆਉਣ ਪਰ ਕੋਈ ਅਸਰ ਨਾ ਹੋਇਆ। ਹੁਣ ਸੁਸਾਇਟੀ ਵਲੋਂ ਇਸ ਮਾਮਲੇ ’ਚ ਹਾਈਕੋਰਟ ਦਾ ਦਰਵਾਜਾ ਖੜਕਾਉਣ ਲਈ ਵਕੀਲਾਂ ਦੀ ਰਾਇ ਲਈ ਜਾ ਰਹੀ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਪੀਣਯੋਗ ਪਾਣੀ ਬਿਲਕੁੱਲ ਖਤਮ ਹੋ ਗਿਆ ਹੈ। ਜੇਕਰ ਦਰਿਆਵਾਂ ਦਾ ਪਾਣੀ ਨਾ ਬਚਾਇਆ ਤਾਂ ਆਉਣ ਵਾਲੀ ਨਵੀਂ ਪੀੜੀ ਲਈ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਹੇਗਾ, ਇਸ ਲਈ ਸਿਰਫ ਇਕੋ ਇਕ ਸਾਧਨ ਹੈ ਦਰਿਆਵਾਂ ਦੇ ਪਾਣੀ ਨੂੰ ਸਾਫ ਸੁਥਰਾ ਰੱਖਣਾ। ਉਨਾ ਦੱਸਿਆ ਕਿ ਲੁਧਿਆਣੇ ਦੇ ਬੁੱਢੇ ਨਾਲੇ ’ਚ ਪੈ ਰਿਹਾ ਫੈਕਟਰੀਆਂ, ਕਾਰਖਾਨਿਆਂ ਅਤੇ ਹੋਰ ਉਦਯੋਗਾਂ ਦਾ ਗੰਦਾ ਪਾਣੀ ਸਤਲੁਜ ਦਰਿਆ ’ਚ ਆ ਕੇ ਰਲਦਾ ਹੈ। ਜਿਸ ਕਰਕੇ ਕੈਂਸਰ, ਚਮੜੀ ਰੋਗ, ਕਾਲਾ ਪੀਲੀਆ, ਪੇਟ ਰੋਗ ਆਦਿ ਭਿਆਨਕ ਬਿਮਾਰੀਆਂ ਇਸ ਪਾਣੀ ਨਾਲ ਪੈਦਾ ਹੋ ਰਹੀਆਂ ਹਨ। ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਭਾਵੇਂ ਹੁਣ ਤੱਕ ਇਹ ਪਾਣੀ ਬੁੱਢੇ ਨਾਲੇ ਤੱਕ ਹੀ ਸੀਮਿਤ ਸੀ ਪਰ ਹੁਣ ਇਹ ਪਾਣੀ ਨਹਿਰਾਂ ’ਚ ਘੁੱਲ ਰਿਹਾ ਹੈ। ਜਿੱਥੇ ਮਾਲਵੇ ’ਚ ਫਰੀਦਕੋਟ, ਫਿਰੋਜਪੁਰ, ਫਾਜਿਲਕਾ ਸਮੇਤ ਰਾਜਸਥਾਨ ਵਾਲੇ ਲੋਕ ਇਸ ਪਾਣੀ ਨੂੰ ਵਰਤਦੇ ਹਨ। ਊਨਾ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ’ਚ ਉਠਾਉਣਗੇ।


