ਸਿੱਖਿਆ ਵਿਭਾਗ ਪੰਜਾਬ ਵੱਲੋਂ ਦੂਜੀ, ਚੌਥੀ ਅਤੇ ਸੱਤਵੀਂ ਦੇ ਵਿਦਿਆਰਥੀਆਂ ਦਾ 1 ਫਰਵਰੀ ਨੂੰ ਹੋਵੇਗਾ ਰਾਜ ਪੱਧਰੀ ਸਿੱਖਣ ਪਰਿਣਾਮਾਂ ਸਬੰਧੀ ਸਰਵੇ

ਐੱਸ.ਏ.ਐੱਸ. ਨਗਰ 29 ਜਨਵਰੀ (INTERNATIONAL PUNJABI NEWS BUREAU) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ‘ਚ ਪੜ੍ਹਦੇ ਦੂਜੀ, ਚੌਥੀ ਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦਾ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਦਾ ਸਰਵੇ 1 ਫਰਵਰੀ ਨੂੰ ਕੀਤਾ ਜਾ ਰਿਹਾ ਹੈ. ਇਸਦੇ ਸਰਵੇ ‘ਚ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗ। ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਇੰਦਰਜੀਤ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਨੂੰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਬੌਧਿਕ ਅਤੇ ਮਾਨਸਿਕ ਪੱਧਰ ਦੀ ਜਾਂਚ ਕਰਨੀ ਹੈ. ਇਸ ਸਰਵੇ ਰਾਹੀਂ ਇਹ ਪਤਾ ਲੱਗੇਗਾ ਕਿ ਵਿਦਿਆਰਥੀ ਕਿਸ-ਕਿਸ ਵਿਸ਼ੇ ‘ਚ ਨਿਪੁੰਨ ਹਨ ਅਤੇ ਕਿਸ ਵਿਸ਼ੇ ‘ਚ ਕਮਜ਼ੋਰ ਦਿਖ ਰਹੇ ਹਨ. ਇਸ ਨਾਲ ਅਧਿਆਪਕਾਂ ਵੱਲੋਂ ਵਿਦਿਆਰਥੀ ਨਾਲ ਸਬੰਧਿਤ ਕਮਜ਼ੋਰ ਖੇਤਰ ਵਾਲੇ ਵਿਸ਼ੇ ਅਤੇ ਵਿਸ਼ਾ ਵਸਤੂ ਦੇ ਸਮਝਾਉਣ ਵੱਲ ਉਚੇਚਾ ਧਿਆਨ ਦਿੱਤਾ ਜਾ ਸਕੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਸਰਵੇ ਸਬੰਧੀ ਅਧਿਆਪਕਾਂ ਨੂੰ ਮੁੱਖ ਦਫਤਰ, ਜ਼ਿਲ੍ਹਾ ਪੱਧਰ ਅਤੇ ਐਜੂਸੈੱਟ ਰਾਹੀਂ ਸਿਖਲਾਈ ਦਿੱਤੀ ਜਾ ਚੁੱਕੀ ਹੈ। ਸਕੂਲਾਂ ‘ਚ ਅਧਿਆਪਕਾਂ ਨੂੰ ਸਿੱਖਣ ਪਰਿਣਾਮਾਂ ਸਬੰਧੀ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ॥ਇਸ ਤੋਂ ਇਲਾਵਾ ਪਿ੍ਰੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਨੂੰ ਜ਼ਿਲ੍ਹਾ ਕੋਆਰਡੀਨੇਟਰ ਇਸ ਸਰਵੇ ਲਈ ਲਗਾਇਆ ਗਿਆ ਹੈ। ਇਹ ਸਰਵੇ ਸਿੱਖਿਆ ਵਿਭਾਗ ਦੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਕਿ ਐਨਸੀਈਆਰਟੀ ਵੱਲੋਂ ਨਿਰਧਾਰਿਤ ਕੀਤੇ ਗਏ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ‘ਤੇ ਆਧਾਰਿਤ ਹੋਵੇਗਾ. ਦੂਜੀ ਜਮਾਤ ਦੇ ਸਰਵੇ ਪ੍ਰਸ਼ਨ ਪੱਤਰ ‘ਚ ਪੰਜਾਬੀ ਅਤੇ ਗਣਿਤ ਵਿਸ਼ੇ ਦੇ ਪੰਦਰਾਂ-ਪੰਦਰਾਂ ਪ੍ਰਸ਼ਨ ਪੂੱਛੇ ਜਾਣਗੇ। ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ, ਗਣਿਤ ਅਤੇ ਵਾਤਾਵਰਨ ਸਿੱਖਿਆ ਦੇ ਪ੍ਰਸ਼ਨ ਪੂੱਛੇ ਜਾਣਗੇ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ, ਗਣਿਤ, ਵਿਗਿਆਨ ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਪ੍ਰਸ਼ਨ ਪੁੱਛੇ ਜਾਣਗੇ. ਇਸ ਸਰਵੇ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ‘ ਅਧੀਨ ਗੁਣਾਤਮਿਕ ਸਿੱਖਿਆ ਲਈ ਕੰਮ ਕਰ ਰਹੇ ਬਲਾਕ ਮੈਂਟਰਾਂ, ਜ਼ਿਲ੍ਹਾ ਮੈਂਟਰਾਂ, ਕਲਸਟਰ ਮਾਸਟਰ ਟਰੇਨਰਾਂ, ਬਲਾਕ ਮਾਸਟਰ ਟਰੇਨਰਾਂ ਨੂੰ ਬਤੌਰ ਫੀਲਡ ਇਨਵੈਸਟੀਗੇਟਰ ਲਗਾਇਆ ਗਿਆ ਹੈ।


