ਸੁਸਾਇਟੀਆਂ ਅਧੀਨ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਲਈ ਕੀਤੇ ਜਾ ਰਹੇ ਹਨ ਸੰਜੀਦਗੀ ਨਾਲ ਉਪਰਾਲੇ ,ਕੇਂਦਰ ਸਰਕਾਰ ਅਤੇ ਵਿੱਤ ਵਿਭਾਗ ਪੰਜਾਬ ਨਾਲ ਰੱਖਿਆ ਜਾ ਰਿਹਾ ਰਾਬਤਾ,ਸੁਸਾਇਟੀਆਂ ਦੇ ਨੇਮਾਂ ਅਨੁਸਾਰ ਅੰਸ਼ਿਕ ਰਾਸ਼ੀ ਜਾਰੀ

ਐੱਸ.ਏ.ਐੱਸ. ਨਗਰ 25 ਜਨਵਰੀ (INTERNATIONAL PUNJABI NEWS BUREAU) : ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣ ਦਾ ਕੋਈ ਵੀ ਇਰਾਦਾ ਨਹੀਂ ਹੈ ਸਗੋਂ ਅਧਿਆਪਕਾਂ ਦੀਆਂ ਵਿੱਤੀ ਦਿੱਕਤਾਂ ਨੂੰ ਦੇਖਦੇ ਹੋਏ ਤੇ ਅਧਿਆਪਕਾਂ ਪਾਸੋਂ ਪ੍ਰਾਪਤ ਹੋ ਰਹੇ ਸੁਝਾਵਾਂ ਨੂੰ ਸਨਮੁੱਖ ਰੱਖਦਿਆਂ ਤਨਖਾਹਾਂ ਦੀ ਅੰਸ਼ਿਕ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਅੱਗੇ ਹੋਰ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ| ਪਿਛਲੇ ਕੁਝ ਮਹੀਨਿਆਂ ਤੋਂ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸਨ ਤੇ ਉਹਨਾਂ ਨੂੰ ਦਿੱਕਤਾਂ-ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ| ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲਾ ਵੱਲੋਂ ਨਿਰਧਾਰਿਤ ਪੀਏਬੀ ਏਜੰਡੇ ਤਹਿਤ ਸੈਕੰਡਰੀ ਅਧਿਆਪਕਾਂ ਦੀ ਵੀਹ ਹਜ਼ਾਰ ਦੇ ਅਨੁਸਾਰ ਤੇ ਪ੍ਰਾਇਮਰੀ ਅਧਿਆਪਕਾਂ ਦੀ ਪੰਦਰਾਂ ਹਜ਼ਾਰ ਰੁਪਏ ਦੇ ਅਨੁਸਾਰ ਫੰਡ ਜਾਰੀ ਕੀਤੇ ਗਏ| ਇਸ ਲਈ ਸਿੱਖਿਆ ਵਿਭਾਗ ਨੂੰ ਪ੍ਰਾਪਤ ਰਾਸ਼ੀ ਵਿੱਚੋਂ ਬਹੁਤ ਸਾਰੇ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਬਕਾਏ ਨੂੰ ਦੇਣ ਕਾਰਨ ਅਧਿਆਪਕਾਂ ਦੀਆਂ ਅਕਤੂਬਰ, 2018 ਤੱਕ ਅੰਸ਼ਿਕ ਤੌਰ 'ਤੇ ਜਾਰੀ ਕੀਤੀਆਂ ਗਈਆਂ ਹਨ ਤੇ ਹੁਣ ਹੋਰ ਵੀ ਫੰਡ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਫੌਰੀ ਮੁਸ਼ਕਿਲਾਂ-ਦਿੱਕਤਾਂ ਦੂਰ ਹੋ ਸਕਣ|ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ ਮਾਮਲਾ ਵਿੱਤ ਮੰਤਰੀ ਪੰਜਾਬ ਜੀ ਦੇ ਮੀਟਿੰਗ ਕਰਕੇ ਧਿਆਨ 'ਚ ਲਿਆ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਵਿੱਤ ਵਿਭਾਗ ਨਾਲ ਪੱਤਰਾਚਾਰ ਵੀ ਚਲ ਰਿਹਾ ਹੈ ਕਿ ਜਦੋਂ ਤੱਕ ਭਾਰਤ ਸਰਕਾਰ ਵੱਲੋਂ ਕੋਈ ਰਾਸ਼ੀ ਨਹੀਂ ਆਉਂਦੀ ਉਦੋਂ ਤੱਕ ਵਿੱਤ ਵਿਭਾਗ ਪੰਜਾਬ ਇਹ ਰਾਸ਼ੀ ਸਿੱਖਿਆ ਵਿਭਾਗ ਨੂੰ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਤਨਖਾਹਾਂ ਦੇ ਸਕੇ|ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਓ ਪੀ ਸੋਨੀ ਜੀ ਵੱਲੋਂ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਵਧਾਉਣ ਲਈ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਕੇਂਦਰ ਵੱਲੋਂ ਘਟਾਇਆ ਗਿਆ ਹੈ| ਉਹਨਾਂ ਪੱਤਰ 'ਚ ਲਿਖਿਆ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ 'ਤੇ ਮੁੜ ਵਿਚਾਰ ਕਰਦੇ ਹੋਏ ਪੁਰਾਣੀ ਤਨਖਾਹਾਂ ਅਨੁਸਾਰ ਹੀ ਰਾਸ਼ੀ ਜਾਰੀ ਕੀਤੀ ਜਾਵੇ| ਇਸ ਸਬੰਧੀ ਭਾਰਤ ਸਰਕਾਰ ਵੱਲੋਂ ਮਿਲਣ ਵਾਲੇ ਜੁਆਬ ਦੀ ਉਡੀਕ ਹੈ|


