ਕੇਂਦਰ ਸਰਕਾਰ ਬੁਨਿਆਦੀ ਮਸਲਿਆਂ ਤੋਂ ਧਿਆਨ ਭਟਕਾਉਣ ਵਿਚ ਲੱਗੀ ਹੋਈ ਐ :ਨਰਿੰਦਰ ਕੌਰ ਸੋਹਲ

ਮੋਗਾ,25 ਜਨਵਰੀ (ਜਸ਼ਨ): ਖੱਬੀਆਂ ਪਾਰਟੀਆਂ ਦੀ 28 ਜਨਵਰੀ ਨੂੰ ਹੋ ਰਹੀ ਲੁਧਿਆਣਾ ਰੈਲੀ ਦੀ ਤਿਆਰੀ ਵਜੋਂ ਬਲਾਕ ਧਰਮਕੋਟ ਦੇ ਪਿੰਡ ਦਾਤਾ ਵਿਖੇ ਮੀਟਿੰਗ ਕਰਵਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਆਗੂ ਨਰਿੰਦਰ ਕੌਰ ਸੋਹਲ ਤੇ ਸੀ ਪੀ ਆਈ ਦੇ ਬਲਾਕ ਸਕੱਤਰ ਕਾਮਰੇਡ ਸੂਰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸੱਤਾ ਦੀ ਦੁਰਵਰਤੋਂ ਕਰਦਿਆਂ ਬਹੁਸੰਮਤੀ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਝੋਕਣਾ ਚਾਹੁੰਦੀ ਹੈ । ਫ਼ਿਰਕੂਪੁਣੇ ਦੀ ਆੜ ਵਿੱਚ ਉਹ ਲੋਕਾਂ ਦੇ ਸਿਹਤ ,ਵਿੱਦਿਆ ਤੇ ਰੁਜ਼ਗਾਰ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਭਟਕਾਉਣ ਦਾ ਕੰਮ ਕਰ ਰਹੀ ਹੈ ਪਰ ਦੇਸ਼ ਦੇ ਲੋਕ ਅਜਿਹੀ ਗੰਦੀ ਸਿਆਸਤ ਨੂੰ ਨਕਾਰ ਰਹੇ ਹਨ। ਲ਼ੋਕ ਆਪਣੇ ਹੱਕਾਂ ਹਿਤਾਂ ਲਈ ਜਾਗਰੂਕ ਹੋ ਰਹੇ ਹਨ।ਖੱਬੀਆਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਲੁਧਿਆਣਾ ਰੈਲੀ ਆਰਥਿਕ ਤੇ ਸਮਾਜਿਕ ਤਬਦੀਲੀ ਦਾ ਮੁੱਢ ਬੰਨੇਗੀ।

ਟਰੇਡ ਯੂਨੀਅਨ ਦੇ ਆਗੂ ਬਲਕਰਨ ਮੋਗਾ ਅਤੇ ਪੰਜਾਬ ਇਸਤਰੀ ਸਭਾ ਦੀ ਆਗੂ ਹਰਮੇਲ ਕੋਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨਾਦਰਸ਼ਾਹੀ ਫੁਰਮਾਨ ਲੋਕਾਂ ਦਾ ਜਿਉਣਾ ਮੁਹਾਲ ਕਰ ਰਹੇ ਹਨ। ਸਿੱਖਿਆ ਅਤੇ ਸਿਹਤ ਸੰਸਥਾਵਾਂ ਵਰਗੇ ਸਰਕਾਰੀ ਅਦਾਰੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੇ ਜਾ ਰਹੇ ਹਨ ਜੋ ਆਮ ਲੋਕਾਂ ਲਈ ਮਾਰੂ ਸਾਬਤ ਹੋਵੇਗਾ। ਇਸ ਸਮੇਂ ਕਾਮਰੇਡ ਸੁਖਚੈਨ ਸਿੰਘ, ਪੰਚਾਇਤ ਮੈਂਬਰ ਸੁਖਦੇਵ ਸਿੰਘ ਢੱਡਾਂ ਤੇ ਬਲਵੰਤ ਸਿੰਘ ਢੱਡਾ ਅਤੇ ਛਿੰਦਰਪਾਲ ਕੌਰ ਸਾਬਕਾ ਸਰਪੰਚ ਵੀ ਹਾਜ਼ਰ ਸਨ।