ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

ਫਿਰੋਜ਼ਪੁਰ, ਫਾਜਿਲਕਾ 24 ਜਨਵਰੀ ( ਸੰਦੀਪ ਕੰਬੋਜ ਜਈਆ) : ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਨੂੰ ਲਿੰਗ ਅਨੁਪਾਤ ਵਿੱਚ ਸ਼ਾਨਦਾਰ ਸੁਧਾਰ ਲਿਆਉਣ ਦੇ ਚੱਲਦੇ ਭਾਰਤ ਸਰਕਾਰ ਵੱਲੋਂ 2017-18 ਲਈ ਇਫੈਕਟਿਵ ਕੰਮਉਨਟੀ ਇੰਗੇਜ਼ਮੈਂਟ ਤਹਿਤ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਦੌਰਾਨ 2015-2016 ਵਿੱਚ ਜ਼ਿਲ੍ਹੇ ਦਾ ਲਿੰਗ ਅਨੁਪਾਤ 859 ਲੜਕੀਆਂ ਪ੍ਰਤੀ 1000 ਲੜਕੇ ਸੀ ਜੋ ਕਿ 2017-2018 ਵਿੱਚ ਸੁਧਰ ਕੇ 916 ਲੜਕੀਆਂ ਪ੍ਰਤੀ 1000 ਲੜਕੇ ਹੋ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਗੁਰਮੀਤ ਸਿੰਘ ਮੁਲਤਾਨੀ ਨੇ ਬੇਟੀ ਬਚਾਓ ਬੇਟੀ ਪੜਾਓ ਨਾਲ ਜੁੜੀ ਸਮੁੱਚੀ ਟੀਮ ਦਾ ਇਸ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਸਕੀਮ ਅਧੀਨ ਜ਼ਿਲ੍ਹੇ ਦੀ ਉਪਲਬਧੀਆਂ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 21 ਤੋਂ 26 ਜਨਵਰੀ ਤੱਕ ਬੇਟੀ ਬਚਾਓ ਬੇਟੀ ਪੜਾਓ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਘਰ-ਘਰ ਜਾ ਕੇ ਸੁਨੇਹਾ ਦੇਣਾ, ਵਿਸ਼ਾ ਆਧਾਰਿਤ ਪੇਂਟਿੰਗ/ਸਲੋਗਨ ਮੁਕਾਬਲੇ, ਧੀਆਂ ਦੇ ਨਾਮ ਦੇ ਰੁੱਖ ਲਗਾਉਣੇ ਅਤੇ ਲੜਕੀਆਂ ਦੇ ਜਨਮ ਉਤਸਵ ਮਨਾਉਣੇ ਆਦਿ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਗੁਰੂਹਰਸਹਾਏ ਦੀ ਦਾਣਾ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਦੱਸਿਆ ਕਿਹਾ ਕਿ ਸਾਲ 2018 ਦੌਰਾਨ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦੇਣ ਲਈ ਜ਼ਿਲ੍ਹੇ ਵਿੱਚ ਕਰੀਬ 500 ਘਰਾਂ ਅਤੇ ਇੱਕ ਲੱਖ ਲੋਕਾਂ ਤੱਕ ਰੈਲੀਆਂ, ਪ੍ਰਭਾਤ ਫੇਰੀਆਂ, ਜਾਗੋ, ਮੈਜਿਕ ਸ਼ੋਅ, ਨੁੱਕੜ ਨਾਟਕ ਰਾਹੀਂ ਪਹੁੰਚ ਕੀਤੀ ਗਈ। ਇਸ ਸਕੀਮ ਅਧੀਨ 2018 ਵਿੱਚ ਜ਼ਿਲ੍ਹੇ ਦੀਆ ਧੀਆਂ ਦੀਆਂ ਪ੍ਰਾਪਤੀਆਂ ਉਜਾਗਰ ਕਰਦੀ '' ਮੇਰੀ ਪਹਿਚਾਣ'' ਬੇਟੀ ਬਚਾਓ ਬੇਟੀ ਪੜਾਓ ਗੈਲਰੀ ਦੀ ਸਥਾਪਨਾ ਕੀਤੀ ਗਈ ਹੈ। ਜਿਸ ਦੇ ਸਿੱਟੇ ਵਜੋਂ ਪਿੰਡ ਨੂਰਪੁਰ ਸੇਠਾਂ ਦੀ ਨਿਵਾਸੀ ਪੂਜਾ ਰਾਣੀ ਪੁੱਤਰੀ ਸ਼੍ਰੀ ਸ਼ਿੰਦਰਪਾਲ ਨੂੰ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੇ ਤਜਰਬੇ ਨੂੰ ਸਾਂਝਾ ਕਰਨ ਲਈ ਬੇਟੀ ਬਚਾਓ ਬੇਟੀ ਪੜਾਓ ਪੁਰਸਕਾਰ ਸਮਾਗਮ ਵਿੱਚ ਵੀ ਬੁਲਾਇਆ ਗਿਆ।


