ਪੰਜਾਬ ਸਰਕਾਰ ਦੀ ਪੈਨਸ਼ਨ ਸਕੀਮ ਤਹਿਤ ਜ਼ਿਲ੍ਹੇ ਦੇ 69,829 ਪੈਨਸ਼ਨ ਲਾਭਪਾਤਰੀਆਂ ਨੂੰ ਮਹੀਨਾ ਨਵੰਬਰ, 2018 ਦੀ ਕਰੀਬ 5.24 ਕਰੋੜ ਰੁਪਏ ਦੀ ਪੈਨਸ਼ਨ ਰਾਸ਼ੀ ਦਾ ਕੀਤਾ ਭੁਗਤਾਨ-ਡੀ.ਸੀ ਸੰਦੀਪ ਹੰਸ

ਮੋਗਾ 24 ਜਨਵਰੀ:(ਜਸ਼ਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮਾਜ ਭਲਾਈ ਸਕੀਮਾਂ ਹੇਠ ਸਮੇਂ ਸਿਰ ਪੈਨਸ਼ਨ ਦੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ ਆਪਣੀ ਵਚਨਬੱਧਤਾ ਨੂੰ ਅਮਲ ਵਿੱਚ ਲਿਆਉਂਦਿਆਂ ਹਰ ਮਹੀਨੇ ਲਗਾਤਾਰ ਪੈਨਸ਼ਨਾਂ ਦੀ ਵੰਡ ਲਈ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਬੁਢਾਪਾ ਪੈਨਸ਼ਨ ਤੇ ਵਿੱਤੀ ਸਹਾਇਤਾ ਸਕੀਮ ਤਹਿਤ ਜ਼ਿਲ੍ਹੇ ਦੇ 69,829 ਲਾਭਪਾਤਰੀਆਂ ਨੂੰ ਮਹੀਨਾ ਨਵੰਬਰ, 2018 ਦੀ 5 ਕਰੋੜ 23 ਲੱਖ 71 ਹਜ਼ਾਰ 750 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੇ ਦੱਸਿਆ ਕਿ ਪੇਂਡੂ ਖੇਤਰ ਦੇ 44,414 ਲਾਭਪਾਤਰੀਆਂ ਨੂੰ 750 ਰੁਪਏ ਦੇ ਹਿਸਾਬ ਨਾਲ 3 ਕਰੋੜ 33 ਲੱਖ 10 ਹਜ਼ਾਰ 500 ਰੁਪਏ ਅਤੇ ਸ਼ਹਿਰੀ ਖੇਤਰ ਦੇ 25,415 ਲਾਭਪਾਤਰੀਆਂ ਨੂੰ 1 ਕਰੋੜ 90 ਲੱਖ 61 ਹਜ਼ਾਰ 250 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਹੇਠ ਜਨਵਰੀ, 2018 ਤੋਂ ਪੈਨਸ਼ਨ ਦਾ ਭੁਗਤਾਨ ਨਿਯਮਤ ਕੀਤਾ ਗਿਆ ਹੈ ਅਤੇ ਸਮਾਜਿਕ ਸੁਰੱਖਿਆ ਸਕੀਮ ਤਹਿਤ ਭੁਗਤਾਨ ਦੀ ਰਾਸ਼ੀ ਹੁਣ ਲਾਭਪਾਤਰੀ ਦੇ ਸਿੱਧੇ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ, ਜਿਸਦਾ ਉਦੇਸ਼ ਪੈਨਸ਼ਨ ਦੇ ਵਿਤਰਣ ਨੂੰ ਨਿਰਵਿਘਨ ਯਕੀਨੀ ਬਨਾਉਣਾ ਹੈ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਬੱਚਿਆਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਸਕੀਮ ਤਹਿਤ ਕੁੱਲ 84,130 ਲਾਭਪਾਤਰੀ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਲਾਭਪਾਤਰੀਆਂ ਵਿੱਚੋਂ 58502 ਬਜ਼ੁਰਗ ਲਾਭਪਾਤਰੀ, 14301 ਵਿਧਵਾ ਲਾਭਪਾਤਰੀ, 4012 ਆਸ਼ਰਿਤ ਲਾਭਪਾਤਰੀ ਅਤੇ 7315 ਅਪੰਗ ਲਾਭਪਾਤਰੀ ਹਨ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ 10 ਵਿਅਕਤੀਆਂ ਨੂੰ ਸੀਨੀਅਰ ਨਾਗਰਿਕਤਾ ਦੇ ਕਾਰਡ ਵੀ ਮੁਹੱਈਆ ਕਰਵਾਏ ਗਏ ਹਨ।


