‘ਬੇਟੀ ਬਚਾਓ, ਬੇਟੀ ਪੜਾਓ‘ ਸਕੀਮ ਤਹਿਤ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਵਾਲੀਆਂ 15 ਮਹਿਲਾਵਾਂ ਨੂੰ ਕੀਤਾ ਗਿਆ ਸਨਮਾਨਿਤ

ਮੋਗਾ,24 ਜਨਵਰੀ:(ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਤਹਿਤ ਕੈਬਰਿਜ ਇੰਟਰਨੈਸ਼ਨਲ ਪਬਲਿਕ ਸਕੂਲ, ਮੋਗਾ ਵਿਖੇ ਸਮਾਗਮ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵੱਲੋਂ ਇਸ ਸਮਾਗਮ ਦੀ ਸ਼ਮ੍ਹਾਂ-ਰੋਸ਼ਨ ਕਰਕੇ ਸ਼ੁਰੂਆਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਬਾਰੇ ਚਾਨਣਾ ਪਾਇਆ ਗਿਆ। ਉਹਨਾਂ ਕਿਹਾ ਕਿ ਮਹਿਲਾਵਾਂ ਰਾਸ਼ਟਰ ਨਿਰਮਾਣ ਵਿਚ ਅਹਿਮ ਹਿੱਸਾ ਪਾਉਂਦਿਆਂ ਹਨ ਕਿਉਂਕਿ ਕੰਮਕਾਜੀ ਮਹਿਲਾਵਾਂ ਨਾ ਸਿਰਫ਼ ਆਪਣੀ ਨੌਕਰੀ ਦੌਰਾਨ ਆਪਣੇ ਫਰਜ਼ਾਂ ਦੀ ਪੂਰਤੀ ਤਨਦੇਹੀ ਨਾਲ ਕਰਦੀਆਂ ਹਨ ਬਲਕਿ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਦਿਆਨਤਦਾਰੀ ਨਾਲ ਨਿਭਾਉਂਦੀਆਂ ਹਨ।
ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ  ਵਾਲੀ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੀ ਪੱਤਰਕਾਰ ਊਸ਼ਾ ਕੌਰ ਜਸ਼ਨ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬਤਰਾ, ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ ਬੈਸ, ਉਪ ਮੰਡਲ ਮਜਿਸਟ੍ਰੇਟ ਗੁਰਵਿੰਦਰ ਸਿੰਘ ਜੌਹਲ, ਜਿਲ੍ਹਾ ਸਿੱਖਿਆ ਅਫਸਰ ਪ੍ਰਦੀਪ ਕੁਮਾਰ ਸ਼ਰਮਾ , ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ,ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ,  ਰਮਸਾ ਕੋਆਰਡੀਨੇਟਰ ਦਿਲਬਾਗ ਸਿੰਘ  ,ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ,ਪ੍ਰਧਾਨ ਕੁਲਦੀਪ ਸਿੰਘ ਸਹਿਗਲ,ਸਕੂਲ ਐਡਮਿਨਸਟਰੇਟਰ ਪਰਮਜੀਤ ਕੌਰ ਅਤੇ ਪਿ੍ਰੰਸੀਪਲ ਸਤਵਿੰਦਰ ਕੌਰ ਵੀ ਹਾਜਰ ਸਨ। ਇਸ ਸਮਾਗਮ ਦੌਰਾਨ ਵੱਖ-2 ਕਿੱਤਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ 15 ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ 10ਵੀਂ ਅਤੇ 12ਵੀਂ ਜਮਾਤ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੋਈਆ 10 ਹੋਣਹਾਰ ਲੜਕੀਆਂ ਨੂੰ ਨਕਦ ਇਨਾਮ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਵਧਾਇਆ ਗਿਆ। ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਪੋਕਸੋ ਐਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਧਰਮਕੋਟ ਵਿਖੇ ਸੈਮੀਨਾਰ ਕਰਵਾਇਆ ਗਿਆ। ਸੈਮੀਨਰ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਮੰਜੂ ਵੱਲੋਂ ਕੀਤੀ ਗਈ। ਸੈਮੀਨਾਰ ਦੌਰਾਨ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ। ਪੋਕਸੋ ਐਕਟ ਸਬੰਧੀ ਤੇਜਿੰਦਰਪਾਲ ਸਿੰਘ, ਐਡਵੋਕੇਟ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ  ਪਰਮਜੀਤ ਸਿੰਘ, ਮੈਂਬਰ ਬਾਲ ਭਲਾਈ ਕਮੇਟੀ ਵੱਲੋਂ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਪਰਮਜੀਤ ਕੌਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਰਾਣਾ ਗੁਰਬਿੰਦਰ ਕੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਾਲ ਸੁਰੱਖਿਆ ਅਫਸਰ ਸਰਬਪ੍ਰੀਤ ਸਿੰਘ, ਪਿ੍ਰੰਸੀਪਲ, ਸਮੂਹ ਸਕੂਲ ਸਟਾਫ ਅਤੇ ਸਕੂਲੀ ਬੱਚੇ ਹਾਜਰ ਸਨ। ਸੈਮੀਨਾਰ ਦੇ ਅੰਤ ਵਿੱਚ ਬਾਲ ਵਿਕਾਸ ਪ੍ਰੋਜੇਕਟ ਅਫਸਰ ਅਤੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਹਾਜ਼ਰ ਸਕੂਲ ਸਟਾਫ ਅਤੇ ਬੱਚਿਆ ਨੂੰ ਸਕੀਮ ਸਬੰਧੀ ਜਾਗਰੂਕ ਕਰਦੇ ਹੋਏ ਇਹ ਆਸ ਪ੍ਰਗਟਾਈ ਗਈ ਕਿ ਬੱਚਿਆਂ ਨੂੰ ਭਵਿੱਖ ਵਿੱਚ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਅਤੇ ਆਪਣੇ ਮਾਤਾ-ਪਿਤਾ ਅਤੇ ਆਮ ਲੋਕਾਂ ਨੂੰ ਇਨ੍ਹਾਂ ਵਿਸ਼ਿਆਂ ‘ਤੇ ਜਾਗਰੂਕ ਕਰਨਾ ਚਾਹੀਦਾ ਹੈ। ਆਂਗਣਵਾੜੀ ਵਰਕਰਾਂ ਵੱਲੋਂ ਆਪਣੇ-ਆਪਣੇ ਸੈਟਰਾਂ ਵਿੱਚ ਗਰਲਜ਼ ਚਾਈਲਡ ਦਿਵਸ ਮਨਾਇਆ ਗਿਆ।