ਸਿਹਤ ਵਿਭਾਗ ਵੱਲੋਂ ਕਰਵਾਇਆ ਗਿਆ ਸਵਾਈਨ ਫਲੂ ਸਬੰਧੀ ਜਾਗਰੂਕਤਾ ਸਮਾਗਮ

ਫ਼ਿਰੋਜ਼ਪੁਰ, ਫਾਜਿਲਕਾ 23 ਜਨਵਰੀ ( ਸੰਦੀਪ ਕੰਬੋਜ ਜਈਆ) : ਸਿਹਤ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜਪੁਰ ਵਿਖੇ ਸਵਾਈਨ ਫਲੂ ਬਿਮਾਰੀ ਦੀ ਜਾਗਰੂਕਤਾ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਸੁਰਿੰਦਰ ਕੁਮਾਰ, ਸਿਵਲ ਸਰਜਨ ਵੱਲੋਂ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।ਇਸ ਮੌਕੇ ਡਾ. ਸੁਰਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਬਿਮਾਰੀ ਸਬੰਧੀ ਸਕੂਲਾਂ ਕਾਲਜਾਂ ਅਤੇ ਹੋਰ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲ ਬਿਮਾਰੀ ਇੰਫਲੂਐਂਜਾਂ ਵਾਇਰਸ (ਐਚ1ਐਨ1)  ਨਾਲ ਹੁੰਦੀ ਹੈ। ਸਵਾਈਨ ਫਲੂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਛਿੱਕਾਂ, ਵਗਦੀ ਨੱਕ, ਹੱਥ ਮਿਲਾਉਣ ਨਾਲ, ਕਿਸੇ ਨੂੰ ਸਪਰਸ਼  ਨਾਲ, ਖੁੱਲ੍ਹੇ ਵਿੱਚ ਥੁੱਕਣ ਨਾਲ ਫੈਲਦੀ ਹੈ। ਇਹ ਬਜ਼ੁਰਗਾਂ, ਕਮਜ਼ੋਰ  ਵਿਅਕਤੀਆਂ, ਬੱਚੇ, ਗਰਭਵਤੀ ਔਰਤਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਛੇਤੀ ਹੁੰਦੀ ਹੈ ਅਤੇ ਘਾਤਕ ਸਿੱਧ ਹੁੰਦੀ ਹੈ ਕਿਉਂਕਿ ਉਨ੍ਹਾਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਪਰ ਜੇਕਰ ਵਿਅਕਤੀ ਤੰਦਰੁਸਤ ਹੈ ਤਾਂ ਇਸ ਬਿਮਾਰੀ ਤੋਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਹ ਬਿਮਾਰੀ 5 ਤੋਂ 7 ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਬੁਖ਼ਾਰ, ਖਾਂਸੀ, ਦੁਖਦਾ ਗਲ਼ਾ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ਼ ਨਜ਼ਰ ਆਵੇ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਸ ਦਾ ਇਲਾਜ ਮੁਫ਼ਤ ਹੁੰਦਾ ਹੈ। ਇਸ ਮੋਕੇ ਜ਼ਿਲ੍ਹਾ ਐਪਿਡੀਮਾਲੋਜਿਸਟ ਡਾ. ਯੁਵਰਾਜ ਨਾਰੰਗ ਨੇ ਸਕੂਲੀ ਬੱਚਿਆ ਅਤੇ ਸਟਾਫ ਨੂੰ ਅਪੀਲ ਕੀਤੀ ਕਿ ਉਹ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਅਤੇ ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ ਅਤੇ ਨੀਂਦ ਪੂਰੀ ਲਵੋ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹੋ, ਜਿਆਦਾ ਪਾਣੀ ਪੀਓ ਅਤੇ ਪੌਸ਼ਟਿਕ ਭੋਜਨ ਖਾਓ। ਉਨ੍ਹਾਂ ਸਕੂਲੀ ਬੱਚਿਆ ਨੂੰ ਕਿਹਾ ਕਿ ਕੋਈ ਵੀ ਬੱਚਾ ਬਿਨਾ ਖਾਣਾ ਖਾਧੇ ਸਕੂਲ ਵਿੱਚ ਨਾ ਆਵੇ ਅਤੇ ਹਮੇਸ਼ਾ ਘਰੋ ਆਉਣ ਤੋ ਪਹਿਲਾ ਪੇਟ ਭਰ ਕੇ ਭੋਜਨ ਖਾਧਾ ਜਾਵੇ। ਇਸ ਮੌਕੇ ਪ੍ਰਿੰਸੀਪਲ ਸ੍ਰੀ ਜਗਦੀਪ ਪਾਲ ਸਿੰਘ ਨੇ ਬੱਚਿਆ ਨੂੰ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਬਿਮਾਰੀ ਬਾਰੇ ਦੱਸੀ ਗਈ ਮਹੱਤਵਪੂਰਨ ਜਾਣਕਾਰੀ ਤੇ ਅਮਲ ਕੀਤਾ ਜਾਵੇ ਅਤੇ ਵੱਧ ਤੋ ਵੱਧ ਲੋਕਾਂ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ।ਇਸ ਮੌਕੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੋਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਸੁਖਮੰਦਰ ਸਿੰਘ, ਪ੍ਰੋਗਰਾਮ ਅਫ਼ਸਰ ਸ੍ਰੀ ਮਨਜੀਤ ਸਿੰਘ , ਸਹਾਇਕ ਪ੍ਰੋਗਰਾਮ ਅਫ਼ਸਰ ਸ੍ਰੀ ਧਰਿੰਦਰ ਸਚਦੇਵਾ, ਸਤਪਾਲ ਸਿੰਘ ਅਤੇ ਨਰਿੰਦਰ ਕੁਮਾਰ ਆਦਿ ਵੀ ਮੌਜੂਦ ਸਨ।