ਸਿਹਤ ਵਿਭਾਗ ਦੀ ਟੀਮ ਨੇ ਵੰਡੇ ਸਵਾਈਨ ਫਲੂ ਬਾਰੇ ਜਾਗਰੂਕਤਾ ਪੈਂਫਲਿਟ,ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਲਕਿ ਸਾਵਧਾਨੀ ਦੀ ਜਰੂਰਤ - ਡਾ. ਨਰੇਸ਼

ਮੋਗਾ,23 ਜਨਵਰੀ (ਜਸ਼ਨ) : ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ ਦੇ ਆਦੇਸ਼ਾਂ ਤੇ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਡਾ. ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਅੱਜ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਮੋਗਾ ਸ਼ਹਿਰ ਵਿੱਚ ਜਨਤਕ ਥਾਵਾਂ ਜਿਵੇਂ ਬੱਸ ਸਟੈਂਡ ਮੋਗਾ, ਮੇਨ ਬਜਾਰ ਅਤੇ ਰੇਲਵੇ ਸਟੇਸ਼ਨ ਮੋਗਾ ਤੇ ਸਵਾਈਨ ਫਲੂ ਬਾਰੇ ਜਾਗਰੂਕਤਾ ਪੈਂਡਲਿਟ ਵੰਡੇ ਗਏ । ਇਸ ਟੀਮ ਵਿੱਚ ਡਾ. ਨਰੇਸ਼ ਤੋਂ ਇਲਾਵਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਡਾਟਾ ਮੈਨੇਜਰ ਰਾਕੇਸ਼ ਕੁਮਾਰ ਸ਼ਾਮਿਲ ਸਨ । ਟੀਮ ਵੱਲੋਂ ਜਨਤਕ ਥਾਵਾਂ ਤੇ ਲੋਕਾਂ ਨੂੰ ਛੋਟੇ ਛੋਟੇ ਇਕੱਠ ਕਰਕੇ ਸਵਾਈਨ ਫਲੂ ਦੀਆਂ ਮੁਢਲੀਆਂ ਨਿਸ਼ਾਨੀਆਂ, ਬਚਾਓ ਲਈ ਜਰੂਰੀ ਸਾਵਧਾਨੀਆਂ ਅਤੇ ਅਤੇ ਇਲਾਜ਼ ਸਬੰਧੀ ਜਾਣਕਾਰੀ ਦਿੱਤੀ ਗਈ । ਲੋਕਾਂ ਨੇ ਬੜੇ ਧਿਆਨ ਨਾਲ ਇਹਨਾਂ ਗੱਲਾਂ ਨੂੰ ਸੁਣਿਆ। ਅੱਜ ਪੂਰਾ ਦਿਨ ਪੈਂਫਲਿਟ ਵੰਡਣ ਤੋਂ ਬਾਅਦ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਵੱਲੋਂ ਇਸ ਬਿਮਾਰੀ ਸਬੰਧੀ ਸਕੂਲਾਂ, ਕਾਲਜ਼ਾਂ ਵਿੱਚ ਸੈਮੀਨਾਰ ਲਗਾਏ ਜਾ ਰਹੇ ਹਨ, ਬੱਸ ਸਟੈਂਡ ਤੇ ਆਡੀਓ ਮੈਸੇਜ਼ ਚਲਾਇਆ ਜਾ ਰਿਹਾ ਹੈ ਅਤੇ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਵਾਈਨ ਫਲੂ ਤੋਂ ਬਿਲਕੁਲ ਡਰਨ ਜਾਂ ਘਬਰਾਉਣ ਦੀ ਜਰੂਰਤ ਨਹੀਂ ਬਲਕਿ ਸਵਾਧਾਨੀ ਵਰਤਣ ਦੀ ਜਰੂਰਤ ਹੈ। ਉਹਨਾਂ ਦੱਸਿਆ ਕਿ ਸਵਾਈਨ ਫਲੂ ਐਚ.ਵਨ ਐਨ ਵਨ ਵਾਇਰਸ ਕਾਰਨ ਹੁੰਦਾ ਹੈ, ਜੋ ਸਾਹ ਰਾਹੀਂ ਇੱਕ ਮਰੀਜ ਤੋਂ ਦੂਸਰੇ ਮਰੀਜ ਤੱਕ ਪਹੁੰਚਦਾ ਹੈ । ਤੇਜ ਬੁਖਾਰ, ਖਾਂਸੀ, ਜੁਕਾਮ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ, ਛਿੱਕਾਂ ਆਉਣੀਆਂ, ਨੱਕ ਵਗਣਾ, ਸਰੀਰ ਟੁੱਟਣਾ ਅਤੇ ਦਸਤ ਲੱਗ ਜਾਣਾ ਇਸ ਦੀਆਂ ਨਿਸ਼ਾਨੀਆਂ ਹਨ । ਉਹਨਾਂ ਕਿਹਾ ਕਿ ਛਿੱਕਦੇ ਜਾਂ ਖੰਘਦੇ ਵੇਲੇ ਮੂੰਹ ਤੇ ਰੁਮਾਲ ਰੱਖਣਾ, ਰੋਟੀ ਖਾਣ, ਹੱਥ ਮਿਲਾਉਣ ਜਾਂ ਪਖਾਨੇ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਣਾ, ਪੀੜਤ ਵਿਅਕਤੀ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਅਤੇ ਖੂਬ ਸਾਰਾ ਪਾਣੀ ਤੇ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ। ਸਾਨੂੰ ਕਿਸੇ ਨਾਲ ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ, ਬਾਰ ਬਾਰ ਖੁੱਲ੍ਹੇ ਵਿੱਚ ਥੁੱਕਣਾ ਤੇ ਬਿਨ੍ਹਾਂ ਡਾਕਟਰੀ ਸਲਾਹ ਤੋਂ ਦਵਾਈ ਨਹੀਂ ਲੈਣੀ ਚਾਹੀਦੀ । ਉਹਨਾਂ ਕਿਹਾ ਕਿ ਅਜਿਹੇ ਲੱਛਣਾਂ ਵਾਲੇ ਵਿਅਕਤੀ ਨੂੰ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਤੇ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 01636 227005 ਤੇ ਸੰਪਰਕ ਕਰਨਾ ਚਾਹੀਦਾ ਹੈ ।