‘ਬੇਟੀ ਬਚਾਓ ਬੇਟੀ ਪੜ੍ਹਾਓ‘ ਅਭਿਆਨ ਤਹਿਤ ਸੈਮੀਨਾਰ ਦੌਰਾਨ ਐਸ.ਐਸ.ਪੀ. ਖੁਰਾਣਾ ਨੇ ਆਖਿਆ ‘ਸਮਾਜ ਵਿੱਚ ਲੜਕਾ ਤੇ ਲੜਕੀ ਦੇ ਭੇਦਭਾਵ ਨੂੰ ਖਤਮ ਕਰਕੇ ਮਾਨਸਿਕ ਸੋਚ ਵਿੱਚ ਤਬਦੀਲੀ ਲਿਆਉਣ ਦੀ ਲੋੜ’

ਮੋਗਾ 23 ਜਨਵਰੀ:(ਜਸ਼ਨ): ਡਿਪਟੀ ਕਮਿਸ਼ਨਰ ਮੋਗਾ, ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਤਹਿਤ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਦੀ ਮੌਜੂਦਗੀ ਵਿੱਚ ਜਿਲ੍ਹਾ ਪੱਧਰ ‘ਤੇ ਪੁਲਿਸ ਵਿਭਾਗ ਨਾਲ ਔਰਤਾਂ ਦੀ ਸੁਰੱਖਿਆ ਸਬੰਧੀ ਬਣੇ ਕਾਨੂੰਨਾਂ ਬਾਰੇ ਸੰਵੇਦਨਸ਼ੀਲਤਾ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਐਸ.ਪੀ. (ਡੀ) ਵਜੀਰ ਸਿੰਘ ਖਹਿਰਾ ਅਤੇ ਡੀ.ਐਸ.ਪੀ. (ਡੀ) ਹਰਿੰਦਰ ਸਿੰਘ ਡੋਡ ਵੀ ਹਾਜਰ ਸਨ। ਇਸ ਮੌਕੇ ਕਾਨੂੰਨ ਨਾਲ ਸਬੰਧਤ ਮਾਹਿਰਾਂ ਵੱਲੋਂ ਇਸ ਵਿਸ਼ੇ ‘ਤੇ ਜਾਣਕਾਰੀ ਦਿੱਤੀ ਗਈ। ਸੀਨੀਅਰ ਕਪਤਾਨ ਪੁਲਿਸ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿੱਚ ਲੜਕਾ ਤੇ ਲੜਕੀ ਦੇ ਭੇਦਭਾਵ ਨੂੰ ਖਤਮ ਕਰਕੇ ਮਾਨਸਿਕ ਸੋਚ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋ ਪਿੱਛੇ ਨਹੀ ਹਨ, ਇਸ ਲਈ ਸਾਨੂੰ ਧੀਆਂ ਦਾ ਪੁੱਤਰਾਂ ਸਮਾਨ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਐਡਵੋਕੇਟ ਬੀ.ਐਸ. ਰਾਜਪੂਤ ਨੇ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਅਤੇ ਵਨ ਸਟਾਪ ਸੈਂਟਰ ਰਾਹੀਂ ਮਹਿਲਾਵਾਂ ਨੂੰ ਸੁਰੱਖਿਆ ਸਬੰਧੀ ਮਿਲਣ ਵਾਲੀਆਂ ਵੱਖ-2 ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਏਕਤਾ ਅਗਰਵਾਲ ਐਲ.ਸੀ.ਪੀ.ਓ. ਵੱਲੋਂ ਜੁਵੇਨਾਈਲ ਜਸਟਿਸ ਐਕਟ, ਬਾਲ ਵਿਆਹ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਆ ਕਿ ਇਸ ਤੋ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਵੀ ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਤਹਿਤ ਪੋੋਕਸੋ ਐਕਟ ਵਿਸ਼ੇ ‘ਤੇ ਸੈਮੀਨਾਰ ਅਤੇ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਪਿ੍ਰੰਸੀਪਲ ਰਛਪਾਲ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਡਵੋਕੇਟ ਵਿਨੀਤ ਮਿੱਤਲ ਨੇ ਪੋਕਸੋ ਐਕਟ ਅਤੇ ਚਰਨਜੀਤ ਕੌਰ ਵੱਲੋ ‘ਬੇਟੀ ਬਚਾਓ ਬੇਟੀ ਪੜ੍ਹਾਓ‘ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲੜਕੀਆਂ ਦੀ ਮਹੱਤਤਾ ਵਿਸ਼ੇ ਤੇ ਨੁੱਕੜ ਨਾਟਕ ਗੋਲਡਨ ਆਰਟ ਥੀਏਟਰ ਕੋਟਕਪੂਰਾ ਵੱਲੋ ਪੇਸ਼ ਕੀਤਾ ਗਿਆ, ਜਦਕਿ ਇਸ ਸਕੀਮ ਦੀ ਅਹਿਮੀਅਤ ਬਾਰੇ ਜਗਦੇਵ ਅਲਾਰਮ ਮੁਕਤਸਰ ਸਾਹਿਬ ਵੱਲੋਂ ਜਾਦੂ ਸ਼ੋਅ ਕੀਤਾ ਗਿਆ। ਬਾਲ ਵਿਕਾਸ ਪ੍ਰੋਜੈਕਟ ਅਫ਼ਕਰਨ ਬਰਾੜ ਅਤੇ ਬਾਲ ਸੁਰੱਖਿਆ ਅਫ਼ਸਰ ਸਰਬਪ੍ਰੀਤ ਸਿੰਘ ਵੱਲੋਂ ਬੱਚਿਆਂ ਨਾਲ ਸਬੰਧਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਆਂਗਣਵਾੜੀ ਵਰਕਰਾਂ ਵੱਲੋਂ ਆਪਣੇ-ਆਪਣੇ ਆਂਗਣਵਾੜੀ ਕੇਦਰਾਂ ਵਿੱਚ ਨਵਜੰਮੀਆਂ ਧੀਆਂ ਦਾ ਜਨਮ ਦਿਨ ਮਨਾਇਆ ਗਿਆ ਅਤੇ ਉਨ੍ਹਾਂ ਦੇ ਨਾਮ ‘ਤੇ ਰੁੱਖ ਲਗਾਏ ਗਏ। ਇਸ ਸਮੇਂ ਬੱਚਿਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ।