ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਰੀਵਿਊ ਮੀਟਿੰਗ

ਫਰੀਦਕੋਟ,19 ਜਨਵਰੀ (ਤਰਸੇਮ ਚਾਨਣਾ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ, ਖਾਣ ਵਾਲੀਆਂ ਚੀਜ਼ਾਂ ਅਤੇ ਚੰਗੀ ਸਿਹਤ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮੂਹ ਵਿਭਾਗ ਅਤੇ ਅਧਿਕਾਰੀ ਪੂਰੀ ਤਨਦੇਹੀ ਨਾਲ ਅੱਗੇ ਵਧਾਉਣ ਅਤੇ ਇਸ ਸਬੰਧੀ ਹਰੇਕ ਵਿਭਾਗ ਆਪਣੀ ਰੋਜ਼ਾਨਾ ਦੀ ਕਾਰਵਾਈ ਉਨ੍ਹਾਂ ਦੇ ਦਫਤਰ ਵਿਖੇ ਵੀ ਭੇਜੀ ਜਾਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਸਬੰਧੀ ਰੱਖੀ ਰੀਵਿਊ ਮੀਟਿੰਗ ਦੌਰਾਨ ਦਿੱਤੇ। ਮੀਟਿੰਗ ਦੌਰਾਨ ਪ੍ਰੋਜੈਕਟ ਡਾਇਰੈਕਟਰ ਆਤਮਾ ਅਮਨਦੀਪ ਕੇਸ਼ਵ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਸੀਜਨ ਦੌਰਾਨ 155 ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਲੋੜ ਤੋਂ ਵੱਧ ਨਦੀਨ ਨਾਸ਼ਕਾਂ ਦੀ ਸਪਰੇਅ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਡੇਅਰੀ ਵਿਭਾਗ ਵੱਲੋਂ ਲੋਕਾਂ ਨੂੰ ਸਹੀ ਕਵਾਲਿਟੀ ਵਾਲਾ ਦੁੱਧ ਉਪਲੱਬਧ ਕਰਵਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਕੈਂਪ ਲਗਾਉਣ ਲਈ ਕਿਹਾ। ਉਨ੍ਹਾਂ ਸਿਹਤ ਵਿਭਾਗ ਦੇ ਕੰਮਾਂ ਦੀ ਪ੍ਰਸੰਸ਼ਾਂ ਕਰਦਿਆਂ ਹਦਾਇਤ ਕੀਤੀ ਕਿ ਖਾਣ ਪੀਣ ਵਾਲੀਆਂ ਚੀਜਾਂ ਦੀ ਵੱਧ ਤੋਂ ਵੱਧ ਚੈਕਿੰਗ ਕੀਤੀ ਜਾਵੇ। ਉਨ੍ਹਾਂ ਪਬਲਿਕ ਹੈਲਥ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਓ.ਡੀ.ਐਫ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੁਲੀਸ ਵਿਭਾਗ ਨੂੰ ਸਾਂਝੇ ਤੌਰ ਟੈ੍ਰਫਿਕ ਜਾਗਰੂਕਤਾ ਆਦਿ ਕੈਂਪ ਲਗਾਉਣ ਸਬੰਧੀ ਵੀ ਕਿਹਾ। ਉਨ੍ਹਾਂ ਖੇਡ ਵਿਭਾਗ ਨੂੰ ਨੌਜਵਾਨਾ ਲਈ ਟੂਰਨਾਂਮੈਂਟ ਆਯੋਜਿਤ ਕਰਨ ਲਈ ਕਿਹਾ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਸੁਖਦੀਪ ਸਿੰਘ ਬਰਾੜ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਂਦਾ ਕਿ ਪਰਾਲੀ ਦੇ ਪ੍ਰਬੰਧਨ ਲਈ 7 ਪ੍ਰਕਾਰ ਦੇ ਸੰਦ ਸੁਸਾਇਅੀਆਂ ਪਾਸ ਉਪਲੱਬਧ ਹਨ ਅਤੇ ਕੋਈ ਵੀ ਕਿਸਾਨ ਇਹਨਾਂ ਦੀ ਖਰੀਦ ਨਾ ਕਰਨ ਸਗੋਂ ਕਿਰਾਏ ਤੇ ਲੈ ਕੇ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ। ਉਨ੍ਹਾਂ ਦੱਸਿਆ ਕਿ ਮਹੀਨਾ ਦਸੰਬਰ 2018 ਤੋਂ ਹੁਣ ਤੱਕ ਪਰਾਲੀ ਨੂੰ ਨਾ ਸਾੜਣ, ਪ੍ਰਦੂਸ਼ਣ ਅਤੇ ਫਸਲਾਂ ਦੇ ਰਹਿੰਦ ਖੂੰਹਦ ਦੀ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ 09 ਜਾਗਰੂਕ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆ ਕਿਹਾ ਕਿ ਸਕੂਲਾਂ ’ਚ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ, ਟੈਕੀਆਂ ਅਤੇ ਬੱਚਿਆਂ ਦੇ ਕਲਾਸ ਰੂਮ ਅਤੇ ਆਲੇ ਦੁਆਲੇ ਦੀ ਸਫ਼ਾਈ ਦਾ ਵਿਸ਼ੇਸ਼ ਖਿਆਲ  ਰੱਖਿਆ ਜਾਵੇ। ਮੀਟਿੰਗ ’ਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀਮਤੀ ਬਲਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:) ਐਲੀਮੈਂਟਰੀ ਸ੍ਰੀ ਪ੍ਰਦੀਪ ਦਿਉੜਾ ਵੀ ਹਾਜ਼ਰ ਸਨ।