ਹਜਾਰਾਂ ਕਿਸਾਨਾਂ ਨੇ 18 ਡੀ ਸੀ ਦਫ਼ਤਰਾਂ ਅੱਗੇ ਪਰਿਵਾਰਾਂ ਸਮੇਤ ਧਰਨੇ ਲਾਏ, ਮੁਕੰਮਲ ਕਰਜਾ-ਮੁਕਤੀ ਅਤੇ ਖਾਲੀ ਚੈੱਕਾਂ ਦੀ ਵਾਪਸੀ ਲਈ 18 ਫਰਵਰੀ ਤੋ ਜੋਨਲ ਲੀਡ ਬੈਂਕ ਲੁਧਿਆਣਾ ਦਾ ਅਣਮਿੱਥੇ ਸਮੇਂ ਲਈ ਘਿਰਾਓ ਦਾ ਐਲਾਨ

ਚੰਡੀਗ੍ਹੜ, 18 ਜਨਵਰੀ (INTERNATIONAL PUNJABI NEWS BUREAU) :  ਪੰਜਾਬ ਦੀਆਂ ਸੱਤ ਸੰਘਰਸ਼ਸੀਲ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਕਿਸਾਨ ਕਰਜਾ ਮੁਕਤੀ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਪੰਜਾਬ ਦੇ 18 ਜਿਲ੍ਹਿਆਂ ਵਿੱਚ ਧਰਨੇ ਦਿੱਤੇ।  ਧਰਨਿਆਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਪਹੁੰਚੇ ਕਿਸਾਨਾਂ-ਮਜਦੂਰਾਂ ਨੇ ਸਰਕਾਰਾਂ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਸੋਂਪੇ ਗਏ। ਪ੍ਰੈਸ ਨੁੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਵੱਖ ਵੱਖ ਥਾਵਾਂ ਲੱਗੇ ਧਰਨਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿਘ ਫੂਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀ ਕੇ, ਕਿਸਾਨ ਸੰਘਰਸ਼ ਕਮੇਟੀ (ਪੰਜਾਬ) ਦੇ ਕਨਵੀਨਰ ਕੰਵਲਪ੍ਰੀਤ ਸਿਘ ਪੰਨੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਮਹਿਮਾ ਅਤੇ ਕਿਸਾਨ ਸਘੰਰਸ਼ ਕਮੇਟੀ ਅਜਾਦ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਸਮੇਤ  ਸ਼ਾਮਲ ਜੱਥੇਬੰਦੀਆਂ ਦੇ ਸੂਬਾ ਆਗੂਆਂ ਅਤੇ ਜਿਲ੍ਹਾ ਪ੍ਰਧਾਨ, ਸਕੱਤਰਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਮਜਦੂਰਾਂ ਦਾ ਸਾਰਾ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਮੁੱਖ ਮੰਤਰੀ ਵੱਲੋਂ ਪੰਜ ਏਕੜ ਤੱਕ ਮਾਲਕੀ ਵਾਲੇ ਕੁਝ ਕੁ ਕਿਸਾਨਾਂ ਨੂੰ ਨਿਗੁਣੀ ਰਾਹਤ ਦੇ ਕੇ ਵਾਅਦੇ ਤੋਂ ਭੱਜਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਇਸ ਨਿਗੁਣੀ ਰਾਹਤ ਤੋਂ ਵੀ ਵਾਂਝੇ ਰਹਿ ਗਏ ਹੱਕਦਾਰ ਕਿਸਾਨ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ ਉਲਟਾ ਬੈਂਕਾਂ ਤੇ ਸੂਦਖੋਰਾਂ ਵੱਲੋਂ ਧੋਖੇ ਨਾਲ ਰੱਖੇ ਖਾਲੀ ਚੈਕਾਂ ਦੀ ਦੁਰਵਰਤੋਂ ਰਾਹੀਂ ਅਦਾਲਤਾਂ ਵਿੱਚੋਂ ਸਜਾਵਾਂ ਤੇ ਜੁਰਮਾਨੇ ਕਰਵਾਏ ਜਾ ਰਹੇ ਹਨ। ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਅਣਗੋਲਿਆਂ ਕੀਤੇ ਜਾਣ ਕਾਰਨ ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਕਰਵਾਉਣ ਲਈ 18 ਫਰਵਰੀ 2019 ਤੋਂ ਰੀਜਨਲ ਲੀਡ ਬੈਂਕ ਪੰਜਾਬ ਸਥਿਤ ਪੰਜਾਬ ਨੈਸ਼ਨਲ ਬੈਂਕ (ਜੋਨ ਦਫਤਰ) ਲੁਧਿਆਣਾ ਦਾ ਅਣਮਿਥੇ ਸਮੇਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਨਵਰੀ ਦੇ ਅਗਲੇ ਹਫਤੇ ਸੱਤ ਜੱਥੇਬੰਦੀਆਂ ਦੇ ਸਾਂਝੇ ਵਫਦ ਵੱਲੋਂ ਲੀਡ ਬੈਂਕ ਮੈਨੇਜਰ ਤੋਂ ਸਮਾਂ ਲੈ ਕੇ ਮੀਟਿੰਗ ਦੌਰਾਨ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਯਤਨ ਵੀ ਕੀਤਾ ਜਾਵੇਗਾ। ਬੁਲਾਰਿਆਂ ਨੇ ਆਪਣੇ ਭਾਸ਼ਣਾਂ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਜ਼ੇ ਮੋੜਨੋਂ ਅਸਮਰਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ਿਆਂ ’ਤੇ ਲਕੀਰ ਮਾਰੀ ਜਾਵੇ। ਪੰਜ ਏਕੜ ਮਾਲਕੀ ਤੱਕ ਐਲਾਨੀ 2 ਲੱਖ ਰੁਪਏ ਦੀ ਨਿਗੂਣੀ ਫਸਲੀ ਕਰਜ਼ਾ-ਮਾਫ਼ੀ ਬਿਨਾਂ ਸ਼ਰਤ ਸਾਰੇ ਕਿਸਾਨਾਂ ’ਤੇ ਲਾਗੂ ਕੀਤੀ ਜਾਵੇ,ਕਰਜਾ ਲੈਣ ਸਮੇਂ ਕਿਸਾਨਾਂ ਮਜਦੂਰਾਂ ਦੀ ਮਜਬੂਰੀ ਦਾ ਨਜਾਇਜ ਫਾਇਦਾ ਉਠਾ ਕੇ ਹਾਸਲ ਕੀਤੇ ਦਸਖਤ/ਅੰਗੂਠੇ ਵਾਲੇ ਖਾਲੀ ਚੈਕ/ਪ੍ਰਨੋਟ/ਅਸ਼ਟਾਮ ਬੈਂਕਾਂ ਤੇ ਆੜਤੀਆਂ ਕੋਲੋਂ ਤਰੁੰਤ ਵਾਪਸ ਕਰਵਾਏ ਜਾਣ ਅਤੇ ਪਹਿਲਾਂ ਚੱਲ ਰਹੇ ਕੋਰਟ ਕੇਸ ਵਾਪਸ ਲਏ ਜਾਣ, ਕਰਜ਼ਿਆਂ ਬਦਲੇ ਜ਼ਮੀਨਾਂ/ਘਰਾਂ ਦੀਆਂ ਕੁਰਕੀਆਂ/ਨਿਲਾਮੀਆਂ ਬੰਦ ਕੀਤੀਆਂ ਜਾਣ। ਗਿ੍ਰਫਤਾਰੀਆਂ/ਪੁਲਸੀ-ਦਖਲ ਸਮੇਤ ਬੈਂਕਾਂ ’ਚ ਡੀਫਾਲਟਰ ਲਿਸਟਾਂ/ਫੋਟੋ ਲਾਉਣ ਵਰਗੇ ਜਾਬਰ ਹਥਕੰਡਿਆਂ ’ਤੇ ਪੂਰਨ ਪਾਬੰਦੀ ਲਾਈ ਜਾਵੇ। ਮੂਲਧਨ ਤੋਂ ਵੱਧ ਅਤੇ ਮਿਸ਼ਰਤ ਵਿਆਜ ਲੈਣ ਉੱਪਰ ਪਾਬੰਦੀ ਸਮੇਤ ਸੂਦਖੋਰੀ ਲਸੰਸ ਲਾਜ਼ਮੀ ਲੈਣ ਵਾਲਾ ਕਰਜ਼ਾ ਕਾਨੂੰਨ ਬਣਾਇਆ ਜਾਵੇ। ਕਰਜ਼ਿਆਂ ਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, 1-1 ਸਰਕਾਰੀ ਨੌਕਰੀ ਅਤੇ ਸਮੁੱਚੇ ਕਰਜ਼ੇ ’ਤੇ ਲਕੀਰ ਦੀ ਰਾਹਤ ਤੁਰੰਤ ਦਿੱਤੀ ਜਾਵੇ। ਕਰਜ਼ੇ ਮੁੜ ਚੜ੍ਹਨੋਂ ਰੋਕਣ ਲਈ ਸਾਰੀਆਂ ਫਸਲਾਂ ਦੇ ਲਾਭਕਾਰੀ ਮੁੱਲ ਡਾ: ਸਵਾਮੀਨਾਥਨ ਦੇ ਸੀ-2 ਲਾਗਤ ਫਾਰਮੂਲੇ ’ਚ 50% ਮੁਨਾਫਾ ਜੋੜ ਕੇ ਦਿੱਤੇ ਜਾਣ ਅਤੇ ਪੂਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਬੇਜ਼ਮੀਨੇ ਗਰੀਬ ਮਜ਼ਦੂਰਾਂ ਕਿਸਾਨਾਂ ਨੂੰ ਆਰਥਿਕ ਹਾਲਤ ਮੁਤਾਬਕ ਅਨਾਜ/ਦਾਲਾਂ ਸਸਤੇ ਦਿੱਤੇ ਜਾਣ। ਖੇਤੀ ਖਰਚੇ ਘਟਾਉਣ ਲਈ ਲਾਗਤ-ਵਸਤਾਂ ’ਤੇ ਅੰਨ੍ਹੇ ਕਾਰਪੋਰੇਟ ਮੁਨਾਫੇ ਰੋਕੇ ਜਾਣ ਅਤੇ ਜੀ.ਐਸ.ਟੀ. ਖਤਮ ਕੀਤਾ ਜਾਵੇ। ਹੜ੍ਹਾਂ/ਗੜੇਮਾਰੀ ਅਤੇ ਹੋਰ ਕੁਦਰਤੀ ਆਫ਼ਤਾਂ ਨਾਲ ਹੋਈ ਫਸਲੀ ਤਬਾਹੀ ਦਾ ਮੁਆਵਜ਼ਾ ਫਸਲ ਦੇ ਔਸਤ ਝਾੜ ਦੇ ਮੁੱਲ ਬਰਾਬਰ ਤੁਰੰਤ ਦਿੱਤਾ ਜਾਵੇ, ਕਰਜਿਆਂ ਤੇ ਆਰਥਿਕ ਤੰਗੀਆਂ ਤੋਂ ਪੀੜ੍ਹਤ ਖੁਦਕਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਦਸ ਦਸ ਲੱਖ ਰੁਪਏ ਮੁਆਵਜਾ, ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਸਾਰੇ ਕਰਜੇ ’ਤੇ ਤਰੁੰਤ ਲਕੀਰ ਮਾਰੀ ਜਾਵੇ,ਨਕਲੀ ਬੀਜਾਂ/ਦਵਾਈਆਂ ਵਗੈਰਾ ਨਾਲ ਹੋਈ ਤਬਾਹੀ ਦਾ ਪੂਰਾ ਮੁਆਵਜ਼ਾ ਦੋਸ਼ੀ ਡੀਲਰਾਂ/ਕੰਪਨੀਆਂ ਤੋਂ ਦਵਾਇਆ ਜਾਵੇ ਅਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਦਰਜ ਕੇਸ ਅਤੇ ਜੁਰਮਾਨੇ ਰੱਦ ਕੀਤੇ ਜਾਣ, ਪੜ੍ਹੇ ਤੇ ਅਨਪੜ੍ਹ ਸਾਰੇ ਬੇਰੁਜਗਾਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਉਸ ਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ,ਅਬਾਦਕਾਰ ਤੇ ਮੁਜ਼ਾਰੇ ਕਿਸਾਨਾਂ ਮਜ਼ਦੂਰਾਂ ਨੂੰ ਹਰ ਕਿਸਮ ਦੀ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ, ਹਰ ਤਰ੍ਹਾਂ ਦੇ ਅਵਾਰਾ , ਪਸ਼ੂਆਂ ’ਤੇ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ, ‘‘ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2016’’ ਕਾਲਾ ਕਾਨੂੰਨ ਰੱਦ ਕੀਤਾ ਜਾਵੇ,ਝੋਨਾ ਲਾਉਣ ਲਈ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਪਹਿਲੀ ਜੂਨ ਤੋਂ ਦਿੱਤੀ ਜਾਵੇ ਅਤੇ ਮੋਟਰਾਂ ’ਤੇ ਮੀਟਰ ਲਾਉਣੇ ਬੰਦ ਕੀਤੇ ਜਾਣ। ਅੱਜ ਥਾਂ ਥਾਂ ’ਤੇ ਲੱਗੇ ਧਰਨਿਆਂ ਦੌਰਾਨ ਮਤੇ ਪਾਸ ਕਰਕੇ ਹੱਕੀ ਮੰਗਾਂ ਲਈ ਸੰਘਰਸ਼ਸੀਲ ਪੰਜ ਅਧਿਆਪਕ ਆਗੂਆਂ ਦੀ ਬਰਖਾਸਤਗੀ ਦੀ ਤਾਨਾਸ਼ਾਹੀ ਕਾਰਵਾਈ ਦੀ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਬਰਖਾਸਤ ਕੀਤੇ ਅਧਿਆਪਕ ਆਗੂਆਂ ਨੂੰ ਤਰੁੰਤ ਬਿਨ੍ਹਾਂ ਸ਼ਰਤ ਬਹਾਲ ਕੀਤਾ ਜਾਵੇ। ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਕਰਜਾ ਗ੍ਰਸਤ ਕਿਸਾਨਾਂ ਨੂੰ ਲੁਧਿਆਣਾ ਮੋਰਚੇ ਵਿੱਚ ਵੱਧ ਚੜ੍ਹ ਕੇ ਪਹੰੁਚਣ ਦਾ ਸੱਦਾ ਦਿੱਤਾ।