11 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਹੋਵੇਗਾ ਮਹਾਨ ਕੰਨਿਆ ਦਾਨ: ਬਾਬਾ ਗੁਰਦੀਪ ਸਿੰਘ

ਬਾਘਾ ਪੁਰਾਣਾ,25 ਦਸੰਬਰ (ਜਸ਼ਨ): ਮਾਲਵੇ ਦੇ ਪਵਿੱਤਰ ਅਤੇ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਪਿੰਡ ਚੰਦ ਪੁਰਾਣਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਗੁਰਮਤਿ ਅਨੁਸਾਰ ਸ਼ੁਰੂ ਕੀਤੇ ਗਏ ਸਮਾਜ ਸੇਵੀ ਕਾਰਜਾਂ ਨੂੰ ਜਾਰੀ ਰੱਖਦਿਆਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਮਹਾਨ ਸਮਾਜ ਸੇਵੀ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਔਰਤਾਂ ਦੇ ਸਤਿਕਾਰ ਨੂੰ ਹਰ ਵਰੇ ਸਮਰਪਿਤ ਕੀਤੀ ਜਾਂਦੀ ਹੈ ਇਸ ਸਾਲ ਵੀ ਬਾਬਾ ਜੀ ਵੱਲੋਂ 11 ਜਨਵਰੀ ਨੂੰ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਇਸ ਉਪਰੰਤ ਹੀ ਕੁਝ ਦਿਨ ਬਾਅਦ ਆਉਣ ਵਾਲੀ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਭਰ ਤੋਂ ਆਉਣ ਵਾਲੀਆਂ ਔਰਤਾਂ ਨੂੰ ਕੇਸਰੀ ਦੁਪੱਟਿਆਂ ਨਾਲ ਸਨਮਾਨਿਤ ਕਰਕੇ ਔਰਤਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਹ ਪਰੰਪਰਾ ਇਸ ਵਾਰ ਕੋਈ ਨਵੀਂ ਨਹੀਂ ਸਗੋਂ ਕਈ ਦਹਾਕਿਆਂ ਤੋਂ ਇਹ ਕਾਰਜ ਬਾਬਾ ਜੀ ਵੱਲੋਂ ਲਗਾਤਾਰ ਜਾਰੀ ਹਨ। ਜਿਨਾਂ ਦੀ ਪ੍ਰਸੰਸਾ ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ। 11 ਜਨਵਰੀ ਨੂੰ ਮਹਾਨ ਕੰਨਿਆ ਦਾਨ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਰੂਰਤਮੰਦ ਪਰਿਵਾਰਾਂ ਦੀ ਚੋਣ ਕਰਕੇ ਉਨਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਿਹੜੇ ਪਰਿਵਾਰ ਇਸ ਸਮਾਗਮ ਵਿੱਚ ਆਪਣੀਆਂ ਬੇਟੀਆਂ ਦੀਆਂ ਸ਼ਾਦੀਆਂ ਕਰਵਾਉਣਾ ਚਾਹੁੰਦੇ ਹਨ ਉਨਾਂ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ, ਜਿਸ ਵਿੱਚ ਵਿਆਹ ਕਰਵਾਉਣ ਵਾਲਾ ਜੋੜਾ ਨਾਬਾਲਗ ਨਹੀਂ ਹੋਣਾ ਚਾਹੀਦਾ। ਇਸ ਸਬੰਧੀ ਅਜਿਹੇ ਪਰਿਵਾਰ ਆਪਣਾ ਆਧਾਰ ਕਾਰਡ ਫੋਟੋਆਂ ਅਤੇ ਹੋਰ ਕਾਗਜ਼ਾਤ ਪ੍ਰਬੰਧਕ ਕਮੇਟੀ ਪਾਸ ਜਮਾਂ ਕਰਵਾਉਣ। ਉਨਾਂ ਕਿਹਾ ਕਿ ਹਫਤੇ ਦੇ ਅੰਦਰ ਅੰਦਰ ਇਹ ਅਰਜ਼ੀਆਂ ਲਈਆਂ ਜਾਣਗੀਆਂ । ਉਹਨਾਂ ਕਿਹਾ ਕਿ ਮਹਿੰਗਾਈ ਦਾ ਦੌਰ ਇਸ ਕਦਰ ਵੱਧ ਚੁੱਕਾ ਹੈ ਕਿ ਗਰੀਬ ਪਰਿਵਾਰਾਂ ਦੀ ਆਰਥਿਕ ਦਿਸ਼ਾ ਹੋਰ ਖਰਾਬ ਹੋ ਰਹੀ ਹੈ ਇਸ ਲਈ ਉਹ ਆਪਣੀਆਂ ਬੇਟੀਆਂ ਦੀਆਂ ਸ਼ਾਦੀਆਂ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਉਨਾਂ ਕਿਹਾ ਕਿ ਪਰਿਵਾਰਾਂ ਨੂੰ ਬੇਟੀਆਂ ਆਪਣੇ ਤੇ ਬੋਝ ਨਹੀਂ ਸਮਝਣੀਆਂ ਚਾਹੀਦੀਆਂ ਸਗੋਂ ਸਮਾਜ ਸੇਵੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਲਾਭ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਗੁਰਮਤਿ ਵੀ ਸਾਨੂੰ ਇਹੋ ਸਿਖਾਉਂਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਜਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਦੀ ਬਾਣੀ ਦੇ ਮੁਤਾਬਿਕ ਹੀ ਅਜਿਹੇ ਕਾਰਜ ਕੀਤੇ ਜਾਂਦੇ ਹਨ । ਉਹਨਾਂ ਕਿਹਾ ਕਿ ਸ਼ਾਦੀਆਂ ਦੌਰਾਨ ਇਨਾਂ ਪਰਿਵਾਰਾਂ ਨੂੰ ਘਰੇਲੂ ਵਰਤੋਂ ਲਈ ਸਾਮਾਨ ਵੀ ਦਾਜ ਦੇ ਰੂਪ ਵਿਚ ਦਿੱਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਕਾਲੇਕੇ,ਸੂਬਾ ਸਿੰਘ ਫੌਜੀ,ਯਾਦਵਿੰਦਰ ਸਿੰਘ ਸਲਹਾਣੀ, ਕੁਲਬੀਰ ਸਿੰਘ ਕੋਠੇ ਪੱਤੀ ਮੁਹੱਬਤ,ਚਮਕੌਰ ਸਿੰਘ ਚੰਦ ਪੁਰਾਣਾ, ਹਰਜਿੰਦਰ ਸਿੰਘ ਕਾਲੇਕੇ,ਆਦਿ ਹਾਜ਼ਰ ਸਨ।


