ਨਾਮਜ਼ਦਗੀ ਪੇਪਰ ਰੱਦ ਹੋਣ ਤੇ ਆਪ ਵਾਲਿਆਂ ਅਤੇ ਅਕਾਲੀਆਂ ਲਾਇਆਂ ਧਰਨਾ

ਜੈਤੋ, 21 ਦਸੰਬਰ(ਪੱਤਰ ਪ੍ਰੇਰਕ): ‘ਆਪ’ ਅਤੇ ਅਕਾਲੀ ਦਲ ਨੇ ਪੰਚਾਇਤ ਚੋਣਾਂ ’ਚ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਦਾ ਦੋਸ਼ ਲਾਉਂਦਿਆਂ ਇੱਥੇ ਬੀਡੀਪੀਓ ਦਫਤਰ ਅੱਗੇ ਧਰਨਾ ਲਾਇਆ। ਆਪ ਵਿਧਾਇਕ ਬਲਦੇਵ ਸਿੰਘ ਅਤੇ ਅਕਾਲੀ ਆਗੂ ਸੂਬਾ ਸਿੰਘ ਬਾਦਲ ਨੇ ਦੱਸਿਆ ਕਿ ਗੋਂਦਾਰਾ ਪਿੰਡ ਤੋਂ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਜਸਵਿੰਦਰ ਸਿੰਘ ਪਤਨੀ ਅਮਰਜੀਤ ਸਿੰਘ ਅਤੇ ਉਸ ਦੀ ਕਵਰਿੰਗ ਉਮੀਦਵਾਰ ਗੁਰਜੀਤ ਕੌਰ ਪਤਨੀ ਸੁਰਜੀਤ ਸਿੰਘ ਅਤੇ ਪਿੰਡ ਰਣ ਸਿੰਘ ਵਾਲਾ ਤੋਂ ਪੰਚ ਦੇ ਅਹੁਦੇ ਲਈ ਉਮੀਦਵਾਰ ਬਲਕਾਰ ਸਿੰਘ ਪੁੱਤਰ ਲਛਮਣ ਸਿੰਘ ਦੇ ਕਾਗਜ਼ ਰੱਦ ਕੀਤੇ ਗਏ। ਬਲਦੇਵ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਵੀ ਅਕਾਲੀ-ਭਾਜਪਾ ਸਰਕਾਰ ਦੇ ਕੁੱਟਣ ਤੇ ਲੁੱਟਣ ਦੇ ਰਾਹ ਚੱਲ ਪਈ ਹੈ ਅਤੇ ਅਫਸਰ ਸਰਕਾਰ ਦੇ ਦੁੰਮਛੱਲੇ ਬਣ ਕੇ ਕੰਮ ਕਰ ਰਹੇ ਹਨ। ਸੂਬਾ ਸਿੰਘ ਬਾਦਲ ਨੇ ਵੀ ਚੋਣ ਅਧਿਕਾਰੀਆਂ ’ਤੇ ਆਪਣੇ ਫ਼ਰਜ਼ਾਂ ਤੋਂ ਬੇਮੁੱਖ ਹੋ ਕੇ ਕਾਂਗਰਸ ਦੇ ਵਰਕਰਾਂ ਵਾਂਗ ਵਿਚਰਨ ਦਾ ਦੋਸ਼ ਲਾਇਆ। ਧਰਨਾ ਲੱਗਣ ਤੋਂ ਇਕ ਘੰਟੇ ਮਗਰੋਂ ਰਿਟਰਨਿੰਗ ਅਧਿਕਾਰੀ ਸੁਰੇਸ਼ ਅਰੋੜਾ ਬੀਡੀਪੀਓ ਦਫ਼ਤਰ ਵਿੱਚ ਪੁੱਜੇ ਅਤੇ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਤੇ ਵਿਧਾਇਕ ਬਲਦੇਵ ਸਿੰਘ ਨਾਲ ਕਰੀਬ ਅੱਧਾ ਘੰਟਾ ਬੰਦ ਕਮਰਾ ਗੁਫਤਗੂ ਕੀਤੀ। ਸ੍ਰੀ ਅਰੋੜਾ ਨੇ ਦੱਸਿਆ ਰੱਦ ਕੀਤੇ ਕਾਗਜ਼ਾਂ ਬਾਰੇ ਲੱਗੇ ਇਤਰਾਜ਼ਾਂ ਨਾਲ ਗੱਲਬਾਤ ਵਾਲੇ ਵਿਅਕਤੀ ਸਹਿਮਤ ਹੋ ਗਏ ਹਨ। ਬਲਦੇਵ ਸਿੰਘ ਦਾ ਕਹਿਣਾ ਸੀ ਕਿ ਅੱਜ ਸਵੇਰ ਤੋਂ ਹੀ ਉੱਚ ਪ੍ਰਸ਼ਾਸਨਿਕ ਅਧਿਕਾਰੀ ਇਤਰਾਜ਼ਾਂ ਦੀ ਜਾਣਕਾਰੀ ਦੇਣ ਤੋਂ ਆਨਾਕਾਨੀ ਕਰ ਰਹੇ ਸਨ। ਉਨਾਂ ਰਿਟਰਨਿੰਗ ਅਫ਼ਸਰ ਦੇ ਸਹਿਮਤੀ ਵਾਲੇ ਥੋਥਾ ਦੱਸਦਿਆਂ ਆਪਣੇ ਦੋਸ਼ਾਂ ਨੂੰ ਸਹੀ ਦੱਸਿਆ। ਸੂਬਾ ਬਾਦਲ ਨੇ ਕਿਹਾ ਕਿ ਚੋਣਾਂ ਲੱੁਟੀਆਂ ਜਾ ਰਹੀਆਂ ਹਨ ਅਤੇ ਇਸ ਅਫ਼ਸਰ ਵੀ ਇਸ ਕੰਮ ਵਿੱਚ ਖੁੱਲ ਕੇ ਸਾਥ ਦੇ ਰਹੀ ਹੈ।ਜੈਤੋ ਦੇ ਡੀਐਸਪੀ ਕੁਲਦੀਪ ਸਿੰਘ ਸੋਹੀ ਅਤੇ ਐਸਐਚਓ ਮੁਖਤਿਆਰ ਸਿੰਘ ਗਿੱਲ, ਜੈਤੋ ਦੇ ਤਹਿਸੀਲਦਾਰ ਸ਼ੀਸ਼ ਪਾਲ ਸਿੰਗਲਾ ਅਤੇ ਨਾਇਬ ਤਹਿਸੀਲਦਾਰ ਹੀਰਾ ਵੰਤੀ ਤੋਂ ਇਲਾਵਾ ਬੀਡੀਪੀਓ ਹਰਮੇਲ ਸਿੰਘ ਬੰਗੀ, ਪੰਚਾਇਤ ਅਫ਼ਸਰ ਗੁਰਮੇਲ ਸਿੰਘ ਮੌਜੂਦ ਰਹੇ। ਸੜਕ ਜਾਮ ਹੋਣ ਕਾਰਨ ਜੈਤੋ-ਬਠਿੰਡਾ ਸੜਕ ਦੀ ਆਵਾਜਾਈ ਬਦਲਵੇਂ ਰਸਤਿਆਂ ਤੋਂ ਜਾਰੀ ਰੱਖੀ ਗਈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


