ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 21 ਦਸੰਬਰ (ਟਿੰਕੂ) :- ਬਾਰਵੀਂ ਜਮਾਤ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਵਲੋਂ 50 ਫੀਸਦੀ ਛੋਟ ਦੇ ਕੇ ਨਰਸਿੰਗ ਦੇ ਕੋਰਸ ਮੁਹੱਈਆ ਕਰਵਾਏ ਜਾਣਗੇ। ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਬਾਬਾ ਫਰੀਦ ਨਰਸਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਵਲੋਂ ਡਿਪਟੀ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੋਕਰ ਨੇ ਉਕਤ ਐਲਾਨ ਕਰਦਿਆਂ ਆਖਿਆ ਕਿ ਭਾਵੇਂ ਸਰਕਾਰੀ ਸਕੂਲਾਂ ’ਚ ਪੜਨ ਵਾਲੇ ਬਹੁਤ ਸਾਰੇ ਹੋਣਹਾਰ ਬੱਚੇ ਆਰਥਿਕ ਪੱਖੋਂ ਕਮਜੋਰ ਹੋਣ ਕਰਕੇ ਉੱਚੇਰੀ ਵਿਦਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਅਸੀਂ ਅਜਿਹੇ ਹੋਣਹਾਰ ਬੱਚਿਆਂ ਨੂੰ ਸਲਾਨਾ ਅਤੇ ਮਹੀਨਾਵਾਰੀ ਫੀਸਾਂ ’ਚ 50 ਫੀਸਦੀ ਛੋਟ ਦੇ ਕੇ ਉਚੇਰੀ ਸਿੱਖਿਆ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ। ਕੁਲਵੰਤ ਸਿੰਘ ਚਾਨੀ, ਪ੍ਰੋ. ਐਚਐਸ ਪਦਮ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੀ ਪੜਾਈ ਕਰ ਰਹੀਆਂ ਵਿਦਿਆਰਥਣਾ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਉਹ ਮਿਹਨਤ ਅਤੇ ਲਗਨ ਨਾਲ ਚੰਗੇ ਨੰਬਰ ਪ੍ਰਾਪਤ ਕਰਕੇ ਆਪਣੇ ਮਾਪਿਆਂ ਦੇ ਸੁਪਨੇ ਸਾਕਾਰ ਕਰ ਸਕਦੀਆਂ ਹਨ। ਉਨਾ ਵਿਦਿਆਰਥਣਾ ਨਾਲ ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਹਾਂਪੱਖੀ ਨਜਰੀਆ, ਉਸਾਰੂ ਸੋਚ ਰੱਖ ਕੇ ਭਵਿੱਖ ’ਚ ਹਰ ਤਰਾਂ ਦੀ ਬੁਲੰਦੀ ਛੂਹਣ ਦੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਮਾ. ਸੋਮਨਾਥ ਅਰੋੜਾ ਵੱਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੀਆਂ 10 ਵਿਦਿਆਰਥਣਾ ਨੂੰ 100-100 ਰੁਪਏ ਪ੍ਰਤੀ ਵਿਦਿਆਰਥਣ ਨੂੰ ਨਗਦ ਇਨਾਮ ਦੇ ਸਨਮਾਨਿਤ ਕੀਤਾ ਗਿਆ। ਅੰਤ ’ਚ ਸੁਸਾਇਟੀ ਵਲੋਂ ਸਕੂਲ ਮੁਖੀ ਪਿ੍ਰੰ. ਰਕੇਸ਼ ਗੋਇਲ ਅਤੇ ਮੁੱਖ ਮਹਿਮਾਨ ਡਾ ਪ੍ਰੀਤਮ ਸਿੰਘ ਛੌਕਰ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਮੋਹਨ ਸਿੰਘ ਚਾਵਲਾ, ਪਿ੍ਰੰ. ਦਰਸ਼ਨ ਸਿੰਘ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਸੁਖਮੰਦਰ ਸਿੰਘ ਰਾਮਸਰ, ਨਿਰਭਉਪ੍ਰੀਤ ਸਿੰਘ, ਹਰਿਪਾਲ ਵਿੱਕੀ ਸੱਚ ਦਾ ਸੁਨੇਹਾ ਸਮੇਤ ਸਮੂਹ ਸਟਾਫ ਅਤੇ ਵਿਦਿਆਰਥਣਾ ਵੀ ਹਾਜਰ ਸਨ।


