ਸੱਜਣ ਕੁਮਾਰ ਨੂੰ ਸਿੱਖ ਨਸਲਕੁਸ਼ੀ ਮਾਮਲੇ ‘ਚ ਉਮਰ ਕੈਦ

ਨਵੀਂ ਦਿੱਲੀ,17 ਦਸੰਬਰ (ਪੱਤਰ ਪਰੇਰਕ): 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦਿੱਲੀ ਕੈਂਟ ਦੇ ਮਾਮਲਿਆਂ ‘ਚ ਦਿੱਲੀ ਹਾਈ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦਿਆਂ ਕਾਂਗਰਸ ਦੇ ਨੇਤਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । ਸੱਜਣ ਕੁਮਾਰ ’ਤੇ ਪੰਜ ਲੱਖ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜੱਜ ਐੱਸ ਮੁਰਲੀਧਰ ਅਤੇ ਜੱਜ ਵਿਨੋਦ ਗੋਇਲ ਦੇ ਬੈਂਚ ਨੇ ਅੱਜ ਸੋਮਵਾਰ ਨੂੰ ਸੱਜਣ ਕੁਮਾਰ ਨੂੰ 1984 ਦੌਰਾਨ ਦੰਗਾ ਭੜਕਾਉਣ ਅਤੇ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਅਤੇ ਇਸ ਲਈ ਉਸ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਇਸ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਜਿਸ ਖਿਲਾਫ਼ ਪੀੜਤ ਪੱਖ ਨੇ ਹਾਈ ਕੋਰਟ ‘ਚ ਅਪੀਲ ਕੀਤੀ ਸੀ। ਇਸ ਸਜ਼ਾ ਦੇ ਫੈਸਲੇ ਤੋਂ ਬਾਅਦ ਸੱਜਣ ਨੂੰ 31 ਦਸਬੰਰ 2018 ਤੱਕ ਆਤਮ ਸਮਰਪਣ ਕਰਨਾ ਪਵੇਗਾ ਅਤੇ ਉਦੋਂ ਤੱਕ ਉਹ ਦਿੱਲੀ ਨਹੀਂ ਛੱਡ ਸਕਦਾ। ਸੱਜਣ ਦੇ ਇਲਾਵਾ ਨੌਸੈਨਾ ਦੇ ਰਿਟਾਇਰਡ ਅਧਿਕਾਰੀ ਕੈਪਟਨ ਭਾਗਮੱਲ ,ਸਾਬਕਾ ਕਾਂਗਰਸੀ ਵਿਧਾਇਕ ਭਲਵਾਨ ਖੋਖਰ ਅਤੇ ਗਿਰਧਾਰੀ ਲਾਲ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹਨਾਂ ਤਿੰਨਾਂ ਨੂੰ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਇਸ ਤੋਂ ਇਲਾਵਾ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਵੀ ਦੋਸ਼ੀ ਪਾਇਆ ਗਿਆ ਜਿਹਨਾਂ ਨੂੰ ਹੇਠਲੀ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਹੁਣ ਹਾਈ ਕੋਰਟ ਨੇ ਇਹਨਾਂ ਸਾਰੇ ਪੰਜਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਫੈਸਲਾ ਸੁਣਾਉਂਦਿਆਂ ਕੋਰਟ ਨੇ ਕਿਹਾ ਕਿ ‘‘ਇਹ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਹਿੰਸਾ ਸੀ । ਇਸ ਦੌਰਾਨ ਪੂਰਾ ਤੰਤਰ ਫੇਲ ਹੋ ਗਿਆ ਸੀ । ਇਹ ਹਿੰਸਾ ਰਾਜਨੀਤਕ ਫਾਇਦੇ ਲਈ ਕਰਵਾਈ ਗਈ ਸੀ । ਸੱਜਣ ਕੁਮਾਰ ਨੇ ਦੰਗਾ ਭੜਕਾਇਆ ਸੀ । ’’ ਗੌਰਤਲਬ ਹੈ ਕਿ 1984 ਦੇ ਸਿੱਖ ਦੰਗਿਆਂ ਨਾਲ ਸਬੰਧਤ ਇਹ ਮਾਮਲਾ ਪੰਜ ਲੋਕਾਂ ਦੀ ਮੌਤ ਨਾਲ ਜੁੜਿਆ ਹੋਇਆ ਹੈ। ਦਿੱਲੀ ਕੈਂਟ ਇਲਾਕੇ ਦੇ ਰਾਜਪੁਰ ਵਿਚ 1 ਨਵੰਬਰ 1984 ਨੂੰ ਹਜ਼ਾਰਾਂ ਲੋਕਾਂ ਦੀ ਭੀੜ ਨੇ ਦਿੱਲੀ ਕੈਂਟ ਇਲਾਕੇ ‘ਚ ਸਿੱਖ ਸਮੁਦਾਇ ਦੇ ਲੋਕਾਂ ’ਤੇ ਹਮਲਾ ਕਰ ਦਿੱਤਾ ਸੀ ਜਿਸ ਵਿਚ ਇਕ ਪਰਿਵਾਰ ਦੇ ਤਿੰਨ ਭਰਾਵਾਂ ਨਰਿੰਦਰਪਾਲ ਸਿੰਘ,ਕੁਲਦੀਪ ਅਤੇ ਰਘਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਜਦਕਿ ਇਕ ਦੂਸਰੇ ਪਰਿਵਾਰ ਦੇ ਗੁਰਪ੍ਰੀਤ ਅਤੇ ਉਹਨਾਂ ਦੇ ਪੁੱਤਰ ਕੇਹਰ ਸਿੰਘ ਵੀ ਮਾਰੇ ਗਏ ਸਨ। ਦਿੱਲੀ ਪੁਲਿਸ ਨੇ ਸਾਲ 1994 ਵਿਚ ਇਹ ਕੇਸ ਬੰਦ ਕਰ ਦਿੱਤਾ ਸੀ ,ਪਰ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ )’ਤੇ ਸਾਲ 2005 ਵਿਚ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ । ਮਈ 2013 ਵਿਚ ਹੇਠਲੀ ਅਦਾਲਤ ਨੇ ਇਸ ਮਾਮਲੇ ਵਿਚ ਸਾਬਕਾ ਵਿਧਾਇਕ ਭਲਵਾਨ ਖੋਖਰ ,ਨੌਸੈਨਾ ਦੇ ਸੇਵਾਮੁਕਤ ਅਧਿਕਾਰੀ ਕੈਪਟਨ ਭਾਗਮੱਲ ,ਗਿਰਧਾਰੀ ਲਾਲ ਅਤੇ ਦੋ ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ,ਪਰ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ਇਸ ਤੋਂ ਬਾਅਦ ਪੀੜਤ ਪੱਖ ਅਤੇ ਦੋਸ਼ੀਆਂ ਨੇ ਹਾਈ ਕੋਰਟ ਦੀ ਸ਼ਰਨ ਲਈ ਸੀ। ਇਸ ਸਾਲ 29 ਅਕਤੂਬਰ ਨੂੰ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੱਜਣ ਕੁਮਾਰ ਦੇ ਖਿਲਾਫ਼ 1984 ਸਿੱਖ ਨਸਲਕੁਸ਼ੀ ਨਾਲ ਜੁੜੇ ਕੁੱਲ ਪੰਜ ਮਾਮਲੇ ਚੱਲ ਰਹੇ ਹਨ ਜਿਹਨਾਂ ਦੀ ਜਾਂਚ 2014 ਵਿਚ ਗਠਿਤ ਵਿਸ਼ੇਸ਼ ਜਾਂਚ ਦਲ (ਐੱਸ ਆਈ ਟੀ) ਕਰ ਰਹੀ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


