ਪੰਜਾਬ ਦੀ ਖੁਸ਼ਹਾਲੀ ਖਾਤਰ ਪੰਜਾਬੀ ਕਲਚਰਲ ਕੌਂਸਲ ਵੱਲੋਂ ਹੋਰ ਭਾਰਤ-ਪਾਕਿ ਵਪਾਰਕ ਲਾਂਘੇ ਖੋਲਣ ਦੀ ਮੰਗ

ਚੰਡੀਗੜ,16 ਦਸੰਬਰ (ਜਸ਼ਨ): ਭਾਰਤ ਤੇ ਪਾਕਿਸਤਾਨ ਦਰਮਿਆਨ ਲੰਮੇ ਸਮੇਂ ਦੇ ਵਪਾਰਕ ਸਬੰਧਾਂ ਨੂੰ ਬਣਾਉਣ ਅਤੇ ਮਜਬੂਤ ਕਰਨ ਦੇ ਮਕਸਦ ਨਾਲ ਪੰਜਾਬੀ ਸੱਭਿਆਚਾਰਕ ਕੌਂਸਲ ਨੇ ਹਿੰਦ ਪਾਕਿ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਟਾਰੀ ਆਈਸੀਪੀ ਦੀ ਤਰਾਂ ਹੁਸੈਨੀਵਾਲਾ ਫਿਰੋਜ਼ਪੁਰ ਅਤੇ ਸਾਦਕੀ ਫਾਜ਼ਲਿਕਾ ਦੀਆਂ ਸਰਹੱਦਾਂ ਰਾਹੀਂ ਵਪਾਰਕ ਗਤੀਵਿਧੀਆਂ ਦੀ ਖੁਲ ਦੇਣ ਦੀ ਆਗਿਆ ਦੇਣ ਤਾਂ ਕਿ ਇਸ ਖਿੱਤੇ ਦੇ ਕਿਸਾਨ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਘੱਟ ਲਾਗਤ ਨਾਲ ਆਯਾਤ ਅਤੇ ਨਿਰਯਾਤ ਦਾ ਲਾਭ ਮਿਲ ਸਕੇ। ਇਸ ਤੋਂ ਇਲਾਵਾ ਪੰਜਾਬੀ ਕਲਚਰਲ ਕੌਂਸਲ(ਪੀ ਸੀ ਸੀ) ਨੇ ਮੰਗ ਕੀਤੀ ਹੈ ਕਿ ਡੇਰਾ ਬਾਬਾ ਨਾਨਕ ਤੇ ਹੁਸੈਨੀਵਾਲਾ ਲਾਂਘਿਆਂ ਨਾਲ ਸਬੰਧਿਤ ਪੁਰਾਣੇ ਪੱਕੇ ਰੇਲ ਮਾਰਗਾਂ ਨੂੰੁ ਮੁੜ ਤੋਂ ਖੋਲਿਆ ਜਾਵੇ ਤਾਂ ਕਿ ਯਾਤਰੀ ਇਸ ਤੋਂ ਲਾਹਾ ਲੈ ਸਕਣ। ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੀਡੀਆ ਲਈ ਬਿਆਨ ਜਾਰੀ ਕਰਦਿਆਂ ਆਖਿਆ ਕਿ ਹਿੰਦ ਪਾਕਿ ਨੂੰ ਵੰਡਦੀ ਸਰਹੱਦ ਦੇ ਦੋਨੋਂ ਪਾਸਿਆਂ ਦੇ ਕਿਸਾਨ, ਵਪਾਰੀ ਅਤੇ ਉਦਯੋਗਪਤੀ ਵਪਾਰਕ ਸੰਬਧ ਕਾਇਮ ਰੱਖਣ ਲਈ ਉਤਾਵਲੇ ਨੇ ਕਿਉਂਕਿ ਸੜਕ ਤੇ ਰੇਲ ਮਾਰਗ ਰਾਹੀਂ ਨਾ ਸਿਰਫ ਦੋਨਾਂ ਦੇਸ਼ਾਂ ਦੇ ਸੁਖਾਂਵੇਂ ਸਬੰਧਾਂ ਕਾਰਨ ਦੁਵੱਲਾ ਵਪਾਰਕ ਕਾਰੋਬਾਰ ਵਧੇਗਾ ਬਲਕਿ ਕੇਂਦਰੀ ਏਸ਼ੀਆਈ ਦੇਸ਼ਾਂ ਅਤੇ ਹੋਰ ਗੁਆਂਢੀ ਮੁਲਕਾਂ ਵਿੱਚ ਵਪਾਰ ਨੂੰ ਪ੍ਰਫੁੱਲਿਤ ਕੀਤੇ ਜਾਣ ਦੀਆਂ ਸੰਭਾਵਨਾਵਾਂ ਵੀ ਪੈਦਾ ਹੋਣਗੀਆਂ । ਉਨਾਂ ਕਿਹਾ ਕਿ ਅਟਾਰੀ ਸਰਹੱਦ ਤੇ ਨਾ ਕਾਫੀ ਵਪਾਰਕ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਵਪਾਰੀ ਗ਼ੈਰ ਤਸੱਲੀਬਖ਼ਸ਼ ਸਹੂਲਤਾਂ ਤੇ ਸੇਵਾਵਾਂ ਤੋਂ ਅਸੰਤੁਸ਼ਟ ਹਨ ਜਿਸ ਕਾਰਨ ਬਰਾਮਦ ਅਤੇ ਦਰਾਮਦ ਬੇਹੱਦ ਹੇਠਲੇ ਪੱਧਰ ਤੱਕ ਸੀਮਤ ਹੋ ਕੇ ਰਹਿ ਗਈ ਹੈ । ਆਯਾਤ ਨਿਰਯਾਤ ਦੇ ਵੇਰਵੇ ਦਿੰਦਿਆਂ ਗਰੇਵਾਲ ਨੇ ਆਖਿਆ ਕਿ 2017-2018 ਦੌਰਾਨ ਅਟਾਰੀ ਦੀ ਖੁਸ਼ਕ ਬੰਦਰਗਾਹ ਰਾਹੀਂ ਕਰਮਵਾਰ 744 ਕਰੋੜ ਅਤੇ 3 ਹਜ਼ਾਰ ਚਾਰ ਸੌ ਚਾਰ ਕਰੋੜ ਰੁਪਏ ਦਾ ਵਪਾਰ ਹੋਇਆ ਜਦ ਕਿ 2014-2015 ਦੌਰਾਨ ਇਹ ਵਪਾਰ 2 ਹਜ਼ਾਰ 117 ਕਰੋੜ ਅਤੇ 2 ਹਜ਼ਾਰ 368 ਕਰੋੜ ਸੀ । ਉਹਨਾਂ ਕਿਹਾ ਕਿ ਬਿਲਕੁਲ ਇਸੇ ਤਰਾਂ ਅੰਤਰਰਾਸ਼ਟਰੀ ਸਰਹੱਦ ਤੇ ਪਿਛਲੇ ਸਾਲ ਦੌਰਾਨ ਯਾਤਰੀਆਂ ਆਉਣ ਜਾਣ ਵੀ ਕਾਫੀ ਘਟਿਆ ਹੈ । ਪੰਜਾਬ ਸਰਹੱਦ ’ਤੇ ਨਵੇਂ ਵਪਾਰ ਮਾਰਗਾਂ ਨੂੰ ਖੋਲਣ ਦੀ ਮੰਗ ਕਰਦੇ ਹੋਏ ਕੌਂਸਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਅਤੇ ਖਾੜੀ ਲਈ ਵਪਾਰ ਸਹੂਲਤਾਂ ਦੇਣ ਨਾਲ ਘਰੇਲੂ ਉਦਯੋਗ,ਨਿੱਜੀ ਖੇਤਰ, ਬਾਈਸਾਈਕਲ, ਖੇਡਾਂ ਦਾ ਸਾਮਾਨ ,ਖੇਤੀ ਮਸ਼ੀਨਰੀ ਅਤੇ ਖੇਤੀਬਾੜੀ ਉਪਜ ਦੀ ਬਰਾਮਦ ਤੇ ਦਰਾਮਦ ਨਾ ਸਿਰਫ ਹਿੰਦ ਪਾਕਿ ਨੂੰ ਫਾਇਦਾ ਦੇਵੇਗੀ ਬਲਕਿ ਗੁਆਂਢੀ ਦੇਸ਼ਾਂ ਨੂੰ ਵੀ ਲਾਹਾ ਮਿਲ ਸਕੇਗਾ। ਪੰਜਾਬ ਦੀਆਂ ਸਰਹੱਦਾਂ ਤੇ ਹੋਰ ਵਪਾਰਕ ਲਾਂਘਿਆਂ ਨੂੰ ਸਥਾਪਤ ਕਰਨ ਦੀ ਮੰਗ ਕਰਦੇ ਹੋਏ ਗਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਕਿ ਵਰਤਮਾਨ ਸਮੇਂ ਵਿੱਚ ਪਾਕਿਸਤਾਨ ਨਾਲ ਮੰਗ ਅਤੇ ਪੂਰਤੀ ਲਈ ਉੱਤਰੀ ਸੂਬਿਆਂ ਨੂੰ ਕਾਂਡਲਾ ਬੰਦਰਗਾਹ (ਗੁਜਰਾਤ) ਅਤੇ ਨਾਵਾਂ ਸ਼ੀਵਾ (ਮਹਾਂਰਾਸਟਰ) ਰਾਹੀਂ ਵਪਾਰ ਕਰਨਾ ਬੇਹੱਦ ਮਹਿੰਗਾ ਪੈ ਰਿਹਾ ਹੈ ਜਿਸ ਨਾਲ ਉਪਭੋਗਤਾਵਾਂ ਤੇ ਅਣਚਾਹਿਆ ਬੋਝ ਪੈ ਰਿਹਾ ਹੈ। ਅਟਾਰੀ ਆਈ ਸੀ ਪੀ ਤੇ ਬੇਹੱਦ ਘੱਟ ਵਪਾਰਕ ਸਹੂਲਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਗਰੇਵਾਲ ਨੇ ਦਲੀਲ ਦਿੱਤੀ ਕਿ ਜੇ ਪ੍ਰਧਾਨ ਮੰਤਰੀ ਦੇ ਪਿਤਰੀ ਰਾਜ ਗੁਜਰਾਤ ਵਿੱਚ ਕਾਂਡਲਾ ਬੰਦਰਗਾਹ ਤੇ ਪਾਕਿਸਤਾਨ ਨਾਲ 24 ਘੰਟੇ ਵਪਾਰ ਹੋ ਸਕਦਾ ਹੈ ਤਾਂ ਪੰਜਾਬ ਵਿਚ ਅਟਾਰੀ ਦੀ ਖੁਸ਼ਕ ਬੰਦਰਗਾਹ ਰਾਹੀਂ ਸਾਰਾ ਸਾਲ ਵਪਾਰਕ ਸਹੂਲਤ ਕਿਉਂ ਨਹੀਂ ਦਿੱਤੀ ਜਾ ਰਹੀ । ਉਨਾਂ ਕਿਹਾ ਕਿ ਹਿੰਦ ਪਾਕਿ ਦੇ ਨਵੇਂ ਲਾਂਘਿਆਂ ਰਾਹੀਂ ਕੀਤਾ ਗਿਆ ਵਪਾਰ ਨਾ ਸਿਰਫ਼ ਸਮੇਂ ਅਤੇ ਲਾਗਤ ਨੂੰ ਘਟਾਵੇਗਾ ਬਲਕਿ ਟਰੱਕਾਂ ਅਤੇ ਜਹਾਜ਼ਾਂ ਵੱਲੋਂ ਤੇਲ ਦੀ ਘੱਟ ਖਪਤ ਕੀਤੇ ਜਾਣ ਸਦਕਾ ਵਾਤਾਵਰਨ,ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇਗਾ। ਕਰਤਾਰਪੁਰ ਗਲਿਆਰਾ ਖੋਲਣ ਦੀ ਸ਼ਲਾਘਾ ਕਰਦੇ ਹੋਏ ਕੌਂਸਲ ਨੇ ਮੰਗ ਕੀਤੀ ਕਿ ਵਪਾਰੀਆਂ ਦੀਆਂ ਸੰਸਥਾਵਾਂ, ਉੱਦਮੀਆਂ, ਜਥੇਬੰਦੀਆਂ, ਵਪਾਰਕ ਚੈਂਬਰਾਂ ਤੇ ਕਾਰੋਬਾਰੀ ਸੰਘਾਂ ,ਨਿਰਮਾਤਾਵਾਂ,ਉਤਪਾਦਕਾਂ ਅਤੇ ਕਿਸਾਨਾਂ ਨੂੰ ਦੋਨਾਂ ਦੇਸ਼ਾਂ ਦੁਆਰਾ ਲੰਬੀ ਮਿਆਦ ਦੇ ਵੀਜ਼ੇ ਮੁਹੱਈਆ ਕਰਵਾਏ ਜਾਣ ਤਾਂ ਕਿ ਆਸ਼ਾਵਾਨ ਉੱਦਮੀ ਆਯਾਤ ਅਤੇ ਨਿਰਯਾਤ ਸਬੰਧੀ ਵਪਾਰਕ ਸੰਭਾਵਨਾਵਾਂ ਅਤੇ ਮੌਕਿਆਂ ਦਾ ਲਾਹਾ ਲੈ ਕੇ ਗੁਆਂਢੀ ਦੇਸ਼ਾਂ ਵਿੱਚ ਅੰਤਰਰਾਸਟਰੀ ਬਾਜ਼ਾਰ ਦੀਆਂ ਵਪਾਰਕ ਸੰਭਾਵਨਾਵਾਂ ਦਾ ਵੀ ਪਤਾ ਲਗਾ ਕੇ ਪ੍ਰਫੁੱਲਤ ਵਪਾਰ ਦੇ ਭਾਗੀਦਾਰ ਬਣ ਸਕਣ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।
·


