ਬਰਗਾੜੀ ਮੋਰਚਾ ਖਤਮ ਨਹੀਂ ਹੋਇਆ,ਰੂਪ ਰੇਖਾ ਬਦਲ ਰਹੇ ਹਾਂ: ਜਥੇਦਾਰ ਧਿਆਨ ਸਿੰਘ ਮੰਡ

ਬਰਗਾੜੀ,9 ਦਸੰਬਰ (ਜਸ਼ਨ):ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾ ਦਿਵਾਉਣ, ਬਹਿਬਲ ਵਿਖੇ ਪੁਲਿਸ ਗੋਲੀ ਨਾਲ ਦੋ ਸਿੰਘਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਅਤੇ ਦੇਸ਼ ਦੀਆਂ ਵੱਖ ਵੱਖ ਜੇਲਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਤਿੰਨ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਬਰਗਾੜੀ ਮੋਰਚਾ ਅੱਜ ਨਵੇਂ ਪੜਾਅ ਵਿਚ ਦਾਖਲ ਹੋ ਗਿਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਸਟੇਜ ਤੋਂ ਇਸ ਸਬੰਧੀ ਐਲਾਨ ਕਰਦਿਆਂ ਆਖਿਆ ਕਿ ਸਿੱਖ ਕੌਮ ਉਹਨਾਂ ’ਤੇ ਪੂਰਾ ਭਰੋਸਾ ਰੱਖੇ ,ਉਹਨਾਂ ਸਪੱਸ਼ਟ ਆਖਿਆ ਕਿ ਮੋਰਚਾ ਖਤਮ ਨਹੀਂ ਹੋਇਆ ਰੂਪ ਰੇਖਾ ਬਦਲ ਰਹੇ ਹਾਂ । ਉਹਨਾਂ ਕਿਹਾ ਕਿ ਪੰਥ ਅਤੇ ਕੌਮ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦਿਆਂ ਬਰਗਾੜੀ ਮੋਰਚਾ ਨਵਾਂ ਰਸਤਾ ਅਖਤਿਆਰ ਕਰੇਗਾ। ਉਹਨਾਂ ਆਖਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਹਰ ਹਾਲ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ 10 ਦਸੰਬਰ ਨੂੰ ਬਰਗਾੜੀ ਵਿਖੇ ਹੀ ਸੇਵਾ ਨਿਭਾਉਣ ਵਾਲੀਆਂ ਜਥੇਬੰਦੀਆਂ ਦੇ ਨੁਮਇੰਦਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਦਕਿ ਮੋਰਚੇ ਵਿਚ ਸ਼ਾਮਲ ਧਿਰਾਂ 11 ਦਸੰਬਰ ਨੂੰ ਨਿਮਾਣੇ ਸਿੱਖਾਂ ਵਜੋਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਨਵੇਂ ਪ੍ਰੋਗਰਾਮ ਦੀ ਰੂਪ ਰੇਖਾ ਦਾ ਐਲਾਨ ਕਰਨਗੀਆਂ । ਇਸ ਤੋਂ ਪਹਿਲਾਂ ਅੱਜ ਐਤਵਾਰ ਨੂੰ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੋਰਚੇ ਵਿਚ ਪਹੁੰਚ ਕੇ ਸਰਕਾਰ ਵੱਲੋਂ ਕੁਝ ਐਲਾਨ ਕੀਤੇ ਪਰ ਸੰਗਤਾਂ ਇਹਨਾਂ ਐਲਾਨਾਂ ਨਾਲ ਸੰਤੁਸ਼ਟ ਨਹੀਂ ਹੋਈਆਂ ਅਤੇ ਸਟੇਜ ਤੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਾਰ ਬਾਰ ਜਥੇਦਾਰ ਮੰਡ ਦੇ ਭਾਸ਼ਣ ਤੱਕ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨੀ ਪਈ। ਇਸੇ ਦੌਰਾਨ ਸਿਮਰਨਜੀਤ ਸਿੰਘ ਮਾਨ ਅਤੇ ਹੋਰਨਾਂ ਬੁਲਾਰਿਆਂ ਦੇ ਜਜ਼ਬਾਤ ਵੀ ਸੰਗਤਾਂ ਦੀਆਂ ਭਾਵਨਾਵਾਂ ਨਾਲ ਮੇਲ ਖਾਂਦੇ ਸਨ ਕਿ ਤਿੰਨੇ ਮੰਗਾਂ ਪੂਰੀਆਂ ਹੋਣ ਤੱਕ ਬਰਗਾੜੀ ਮੋਰਚਾ ਖਤਮ ਨਾ ਕੀਤਾ ਜਾਵੇ। ਕੈਬਨਿਟ ਮੰਤਰੀਆਂ ਵੱਲੋਂ ਬਰਗਾੜੀ ਦਾ ਨਾਅ ‘ਬਰਗਾੜੀ ਸਾਹਿਬ’ ਕਰਨ ,ਬੰਦੀ ਸਿੰਘਾਂ ਨੂੰ ਰਿਹਾਈ ਤੱਕ ਪੰਜਾਬ ਦੀਆਂ ਜੇਲਾਂ ਵਿਚ ਤਬਦੀਲ ਕਰਨ ਦੀ ਕਾਰਵਾਈ ਤੇਜ਼ ਕਰਨ ,ਗੋਲੀਕਾਂਡ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਕੋਰਟ ਵਿਚ ਰਹੇ ਕੇਸ ਵਿਚ ਸਰਕਾਰੀ ਵਕੀਲਾਂਦੇ ਪੈਨਲ ਵਿਚ ਮੋਰਚੇ ਵੱਲੋਂ ਸੁਝਾਏ ਦੋ ਵਕੀਲਾਂ ਨੂੰ ਸ਼ਾਮਲ ਕਰਨ ਦੇ ਨਾਲ ਨਾਲ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਦਲ ਪਰਿਵਾਰ ਦੇ ਮੁਆਫ਼ੀ ਵਾਲੇ ਪਰਿਕਰਨ ਨੂੰ ਡਰਾਮਾ ਕਰਾਰ ਦਿੰਦਿਆਂ ਬਰਗਾੜੀ ਦੀ ਸੰਗਤ ਤੋਂ ਮੁਆਫ਼ੀ ਮੰਗਣ ਦੀ ਗੱਲ ਆਖੀ। ਅੱਜ ਦੇ ਸਮਾਗਮ ਵਿਚ ਸਿਮਰਨਜੀਤ ਸਿੰਘ ਮਾਨ,ਵੱਸਣ ਸਿੰਘ ਜਫ਼ਰਵਾਲ,ਭਾਈ ਮੋਹਕਮ ਸਿੰਘ,ਬੂਟਾ ਸਿੰਘ ,ਹਰਪਾਲ ਸਿੰਘ ਚੀਮਾ,ਪਰਜੀਤ ਸਿੰਘ ਸਹੌਲੀ,ਗੁਰਦੀਪ ਸਿੰਘ ਬਠਿੰਡਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਮਨਜੀਤ ਸਿੰਘ ਮੱਲਾ ਅਤੇ ਹੋਰ ਪੰਥਕ ਆਗੂਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


