ਪੂਲ-ਸੀ ਦਾ ਨਬੇੜਾ,ਭਾਰਤ ਸਿਖ਼ਰਲੇ ਸਥਾਨ ‘ਤੇ, ਬੈਲਜੀਅਮ ਤੇ ਕੈਨੇਡਾ ਖੇਡਣਗੇ ਕਰਾਸ ਓਵਰ,ਦੱਖਣੀ ਅਫਰੀਕਾ ਬਾਹਰ,ਭਾਰਤ ਨੇ ਕੈਨੇਡਾ 5-1 ਨਾਲ, ਬੈਲਜੀਅਮ ਨੇ ਦੱਖਣੀ ਅਫਰੀਕਾ 5-1 ਨਾਲ ਦਰੜਿਆ

ਦਸੰਬਰ 8, (ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ): ਵਿਸ਼ਵ ਕੱਪ ਹਾਕੀ ਦੇ 11ਵੇਂ ਦਿਨ ਅੱਜ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿਖੇ ਪੂਲ ਸੀ ਦੇ ਲੀਗ ਦੌਰ ਦੇ ਆਖ਼ਰੀ ਮੈਚਾਂ ‘ਚ ਜਿਥੇ ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਪੂਲ ਸੀ ‘ਚ ਸਿਖਰਲਾ ਸਥਾਨ ਹਾਸਲ ਕਰਦਿਆਂ ਕੁਆਟਰਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ ਉਥੈ ਬੈਲਜੀਅਮ ਨੇ ਦੱਖਣੀ ਅਫਰੀਕਾ ਨੂੰ 5-1 ਨਾਲ ਹਰਾ ਕੇ ਭਾਵੇਂ ਪ੍ਰੀ-ਕੁਆਟਰਫਾਈਨਲ ਲਈ ਤਾਂ ਕੁਆਲੀਫਾਈ ਕਰ ਲਿਆ, ਪਰ ਕੁਆਟਰਫਾਈਨਲ ‘ਚ ਪੁੱਜਣ ਦੀ ਉਸਦੀ ਰੀਝ ਪੂਰੀ ਨਾ ਹੋ ਸਕੀ ਕਿਉਂਕਿ ਕੁਆਟਰਫਾਈਨਲ ਪੁੱਜਣ ਲਈ ਭਾਰਤ ਦਾ ਕੈਨੇਡਾ ਨਾਲ ਬਰਾਬਰ ਰਹਿਣਾ ਜਾਂ ਹਾਰਨਾ ਜਰੂਰੀ। ਜਦਕਿ ਕੈਨੇਡਾ ਭਾਰਤ ਹੱਥੋਂ ਵੱਡੀ ਹਾਰ ਦੇ ਬਾਵਜੂਦ ਵੀ ਕਰਾਸਓਵਰ ਸਥਾਨ ਲਈ ਕੁਆਲੀਫਾਈ ਕਰ ਗਿਆ ਅਤੇ ਦੱਖਣੀ ਅਫਰੀਕਾ ਨੂੰ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ। ਅੱਜ ਹਾਕੀ ਪ੍ਰੇਮੀਆਂ ਨਾਲ ਖਚਾਖਚ ਭਰੇ ਕਲਿੰਗਾ ਹਾਕੀ ਸਟੇਡੀਅਮ ‘ਚ ਭਾਰਤੀ ਟੀਮ ਨੇ ਦਰਸ਼ਕਾਂ ਦੀਆਂ ਟਿਕਟਾਂ ਦਾ ਪੂਰਾ ਮੁੱਲ ਮੋੜਿਆ। ਭਾਵੇਂ ਮੈਚ ਦੇ ਤੀਸਰੇ ਕੁਆਟਰ ਤੱਕ ਮੁਕਾਬਲਾ 1-1 ਦੀ ਬਰਾਬਰੀ ‘ਤੇ ਸਮਾਪਤ ਸੀ, ਪਰ ਆਖ਼ਰੀ ਚੌਥੇ ਕੁਆਟਰ ‘ਚ ਭਾਰਤੀ ਟੀਮ ਇੱਕ ਵਿਸ਼ਵ ਚੈਂਪੀਅਨ ਟੀਮ ਵਾਂਗ ਖੇਡੀ ਅਤੇ ਉਸਨੇ ਉਪਰੋਥਲੀ 4 ਗੋਲ ਕਰਕੇ ਨਾ ਸਿਰਫ ਪੂਲ ਸੀ ‘ਚ ਸਿਖਰਲਾ ਸਥਾਨ ਹਾਸਲ ਕੀਤਾ ਸਗੋਂ ਮੈਚ ਨੂੰ ਵੀ ਇੱਕ ਤਰਫਾ ਬਣਾ ਦਿੱਤਾ। ਭਾਰਤ ਦੇ ਹਰਮਨਪ੍ਰੀਤ ਨੇ 12ਵੇਂ ਮਿੰਟ ‘ਚ ਪੈਨਲਟੀ ਕਾਰਨਰ ਜ਼ਰੀਏ ਆਪਣੀ ਟੀਮ ਨੂੰ 1 ਗੋਲ ਦੀ ਬੜ੍ਹਤ ਦੁਆਈ ਜਿਸਨੂੰ ਕੈਨੇਡਾ ਨੇ ਤੀਸਰੇ ਕੁਆਟਰ ‘ਚ 1-1 ਦੀ ਬਰਾਬਰੀ ‘ਤੇ ਲਿਆਂਦਾ। ਇੱਕ ਵਾਰ ਤਾਂ ਹਾਲਾਤ ਇਹ ਪੈਦਾ ਹੋ ਗਏ ਸੀ ਕਿ ਮੈਚ ਬਰਾਬਰੀ ਵੱਲ੍ਹ ਨੂੰ ਵਧ ਰਿਹਾ ਸੀ ਕਿ ਭਾਰਤੀ ਖਿਡਾਰੀ ਵਾਰ-ਵਾਰ ਗੋਲ ਨਾ ਕਰਨ ਦੀਆਂ ਵੱਡੀਆਂ ਗਲਤੀਆਂ ਕਰ ਰਹੇ ਸਨ। ਅਖੀਰ ਜਿਊਂ ਹੀ ਚੌਥਾ ਕੁਆਟਰ ਸ਼ੁਰੂ ਹੋਇਆ ਤਾਂ ਭਾਰਤੀ ਟੀਮ ਨੇ ਕੈਨੇਡਾ ਰੱਖਿਆ ਪੰਗਤੀ ਦੀਆਂ ਗਲਤੀਆਂ ਦਾ ਫਾਇਦਾ ਉਠਾਉਂਦਿਆਂ ਇੱਕ ਮਿੰਟ ‘ਚ ਦੋ ਗੋਲ ਕੀਤੇ। ਜਿਸ ਨਾਲ ਕੈਨੇਡਾ ਦੀ ਟੀਮ ਬੁਰੀ ਤਰ੍ਹਾਂ ਬਿਖਰ ਗਈ। ਉਸ ਤੋਂ ਬਾਅਦ ਭਾਰਤ ਨੇ 2 ਹੋਰ ਗੋਲ ਕਰਦਿਆਂ ਮੈਚ ਦਾ ਪਾਸਾ ਆਪਣੇ ਵੱਲ੍ਹ ਮੋੜ ਲਿਆ ਅਤੇ ਕੈਨੇਡਾ ਦੀ ਟੀਮ ਬੁਰੀ ਤਰ੍ਹਾਂ ਡਾਵਾਂਡੋਲ ਹੋ ਗਈ। ਇਸ ਜਿੱਤ ਨਾਲ ਭਾਰਤੀ ਟੀਮ ਨੇ ਆਖਰੀ ਅੱਠਾਂ ‘ਚ ਆਪਣਾ ਸਥਾਨ ਹਾਸਲ ਕਰ ਲਿਆ। ਕਿਉਂਕਿ ਪੂਲ ਸੀ ‘ਚ ਭਾਰਤ ਦੇ ਤਿੰਨ ਮੈਚਾਂ ਬਾਅਦ 7 ਅੰਕ ਅਤੇ 9 ਗੋਲਾਂ ਦੀ ਬੜ੍ਹਤ ਹੈ, ਜਦਕਿ ਬੈਲਜੀਅਮ ਦੇ ਵੀ ਤਿੰਨ ਮੈਚਾਂ ਬਾਅਦ 7 ਅੰਕ, ਪਰ ਉਸ ਕੋਲ 5 ਗੋਲਾਂ ਦੀ ਲੀਡ ਸੀ। ਜਿਸ ਕਰਕੇ ਭਾਰਤ ਨੂੰ ਪਹਿਲਾ ਸਥਾਨ ਅਤੇ ਬੈਲਜੀਅਮ ਨੂੰ ਦੂਸਰਾ ਸਥਾਨ ਮਿਲਿਆ। ਭਾਰਤ ਦਾ ਲਲਿਤ ਉਪਾਧਿਆ, ਜਿਸਨੇ 2 ਗੋਲ ਕੀਤੇ ਉਹ ਮੈਚ ਆਫ ਦਾ ਮੈਚ ਬਣਿਆ। ਅੱਜ ਦੇ ਦੂਸਰੇ ਮੈਚ ‘ਚ ਬੈਲਜੀਅਮ ਨੇ ਦੱਖਣੀ ਅਫਰੀਕਾ ਨੂੰ 5-1 ਨਾਲ ਬੈਲਜੀਅਮ ਨੂੰ ਸਿਖਰਲਾ ਸਥਾਨ ਹਾਸਲ ਕਰਨ ਲਈ ਘੱਟੋ ਘੱਟ 8 ਜਾਂ 9 ਗੋਲਾਂ ਨਾਲ ਜਿੱਤਣ ਦੀ ਜਰੂਰਤ ਸੀ ਪਰ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੇ ਅਜਿਹਾ ਹੋਣ ਨਾ ਦਿੱਤਾ। ਕੁੱਲ ਮਿਲਾ ਕੇ ਬੈਲਜੀਅਮ ਦੀ ਜਿੱਤ ਵਿਚ ਸਾਈਮਨ ਗੌਗਨਾਰਡ ਜਿੱਤ ਦਾ ਹੀਰੋ ਰਿਹਾ ਜਿਸਨੇ 2 ਗੋਲ ਕੀਤੇ ਅਤੇ ਉਹ ਮੈਨ ਆਫ ਦਾ ਮੈਚ ਬਣਿਆ। ਭਾਰਤ ਦਾ ਕੁਆਟਰਫਾਈਨਲ ਮੁਕਾਬਲਾ ਹਾਲੈਂਡ ਬਨਾਮ ਕੈਨੇਡਾ ਦੀ ਜੇਤੂ ਟੀਮ ਨਾਲ ਹੋਣ ਦੀ ਸੰਭਾਵਨਾ ਹੈ ਜਦਕਿ ਬੈਲਜੀਅਮ ਦਾ ਕਰਾਸਓਵਰ ਮੈਚ ਪਾਕਿਸਤਾਨ ਜਾਂ ਮਲੇਸ਼ੀਆ ਨਾਲ ਹੋਵੇਗਾ। ਕੱਲ੍ਹ 9 ਦਸੰਬਰ ਨੂੰ ਪੂਲ-ਡੀ ਦੇ ਲੀਗ ਦੌਰ ਦੇ ਆਖ਼ਰੀ ਦੋ ਮੈਚ ਖੇਡੇ ਜਾਣਗੇ, ਜਿਸ ‘ਚ ਪਹਿਲਾ ਮੈਚ ਜਰਮਨੀ ਬਨਾਮ ਮਲੇਸ਼ੀਆ ਸ਼ਾਮ 5 ਵਜੇ, ਦੂਜਾ ਮੈਚ ਹਾਲੈਂਡ ਬਨਾਮ ਪਾਕਿਸਤਾਨ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਹਨਾਂ ਮੈਚਾਂ ਦਾ ਸਟਾਰ ਸਪੋਰਟਸ ਵਨ ‘ਤੇ ਸਿੱਧਾ ਪ੍ਰਸਾਰਣ ਹੋਵੇਗਾ।


