ਲੁਧਿਆਣਾ ਵਿਖੇ ਨਾਮਵਰ ਨਿਰਦੇਸ਼ਕ ਸ: ਮਨਮੋਹਨ ਸਿੰਘ ਨੇ ਚੌਥੇ ਲਘੂ ਫਿਲਮ ਫੈਸਟੀਵਲ ਦਾ ਕੀਤਾ ਉਦਘਾਟਨ,ਲਘੂ ਫਿਲਮਾਂ ਵੱਡੇ ਮਸਲਿਆਂ ਦੀ ਨਿਸ਼ਾਨਦੇਹੀ ਕਰਨ ‘ਚ ਕਈ ਵਾਰ ਫੀਚਰ ਫਿਲਮ ਤੋਂ ਵੀ ਵਡੇਰਾ ਕਾਰਜ ਕਰ ਜਾਂਦੀਆਂ ਨੇ-ਪ੍ਰੋ.ਗੁਰਭਜਨ ਗਿੱਲ

ਲੁਧਿਆਣਾ : 8 ਦਸੰਬਰ(ਪੱਤਰ ਪਰੇਰਕ): ਹਿੰਦੀ ਤੇ ਪੰਜਾਬੀ ਫਿਲਮਾਂ ਦੇ ਨਾਮਵਰ ਨਿਰਦੇਸ਼ਕ ਸ: ਮਨਮੋਹਨ ਸਿੰਘ ਨੇ ਇਸ਼ਮੀਤ ਇੰਸਟੀਚਿਉਟ ਲੁਧਿਆਣਾ ਵਿਖੇ ਆਵਰ ਸਪੇਸ ਸਿਨੇਮਾ ਦੇ ਬੁਲਾਵੇ ਤੇ ਚੌਥੇ ਲਘੂ ਫਿਲਮ ਫੈਸਟੀਵਲ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਪੰਜਾਬ ਨੂੰ ਕੌਮੀ ਪੱਧਰ ਦੇ ਫਿਲਮ ਤੇ ਟੀ ਵੀ ਸਿਖਲਾਈ ਇੰਸਟੀਚਿਊਟ ਦੀ ਤੁਰੰਤ ਲੋੜ ਹੈ। ਉਹਨਾਂ ਕਿਹਾ ਕਿ ਨਿੱਤ ਬਦਲਦੀ ਤਕਨਾਲੋਜੀ ਦੇ ਹਾਣੀ ਬਣਨ ਲਈ ਸਾਨੂੰ ਸਿਖਲਾਈ ਵੀ ਉਸੇ ਪੱਧਰ ਦੀ ਨਾਲੋ ਨਾਲ ਚਾਹੀਦੀ ਹੈ। ਉਨਾਂ ਕਿਹਾ ਕਿ ਦੇਸ਼ ਦੀ ਵੰਡ ਮਗਰੋਂ ਲਾਹੌਰ ਚ ਕੰਮ ਕਰਦੇ ਪੰਜਾਬੀ ਅਦਾਕਾਰ, ਤਕਨੀਸ਼ੀਅਨ ਤੇ ਸਹਾਇਕ ਸਿੱਧੇ ਮੁੰਬਈ ਚਲੇ ਗਏ ਅਤੇ ਭਾਰਤੀ ਸਿਨੇਮਾ ਨੂੰ ਕੌਮਾਂਤਰੀ ਨਕਸ਼ੇ ਤੇ ਚਮਕਾਇਆ। ਉਹਨਾਂ ਕਿਹਾ ਕਿ ਹੁਣ ਵੀ ਪੰਜਾਬੀਆਂ ਦੀ ਫਿਲਮ ਨਗਰੀ ‘ਚ ਸਰਦਾਰੀ ਹੈ ਪਰ ਇਸ ਨੂੰ ਚਿਰਸਥਾਈ ਬਣਾਉਣ ਲਈ ਪੰਜਾਬ ਅੰਦਰ ਫਿਲਮ ਨਾਲ ਸਬੰਧਤ ਸਿਖਲਾਈ ਸੰਸਥਾਨ ਵੀ ਬੇਹੱਦ ਜ਼ਰੂਰੀ ਹੈ। ਇਸ ਮੌਕੇ ਉਨਾਂ ਇਸਮੀਤ ਸਿੰਘ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਲਾਸ ਐਂਜਲਸ ਅਮਰੀਕਾ ਤੋਂ ਆਏ ਫਿਲਮਸਾਜ਼ ਕਰਿਸ਼ਨ ਕਮਲ ਨੇ ਸਵਾਗਤੀ ਸਬਦ ਕਹਿ ਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ‘ਆਵਰ ਸਪੇਸ ਸਿਨੇਮਾ’ ਦੇ ਆਗੂ ਪਰਦੀਪ ਸਿੰਘ ਦੀ ਸ਼ੁਭ ਕਾਰਜ ਲਈ ਸ਼ਲਾਘਾ ਕੀਤੀ। ਸੈਂਟਰਲ ਯੂਨੀਵਰਸਿਟੀ ਪੰਜਾਬ ਬਠਿੰਡਾ ਦੇ ਚਾਂਸਲਰ ਡਾ: ਸ ਸ ਜੌਹਲ ਨੇ ਕਿਹਾ ਕਿ ਲਘੂ ਫਿਲਮਾਂ ਸਮਾਜਮੁਖੀ ਹੋਣ ਕਾਰਨ ਯੋਜਨਾਕਾਰਾਂ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੋ ਸਕਦੀਆਂ ਹਨ ਕਿਉਂਕਿ ਥੋੜੇ ਸਮੇਂ ਚ ਮਹੱਤਵਪੂਰਨ ਨੁਕਤਿਆਂ ਤੇ ਫੋਕਸ ਕੀਤਾ ਜਾ ਸਕਦਾ ਹੈ। ਉਨਾਂ ਆਵਰ ਸਪੇਸ ਸਿਨੇਮਾ ਦੇ ਪ੍ਰਬੰਧਕਾਂ ਸ: ਪਰਦੀਪ ਸਿੰਘ ਤੇ ਸਾਥੀਆਂ ਦੀ ਸ਼ਲਾਘਾ ਕੀਤੀ ਜਿੰਨਾਂ ਨੇ ਲੁਧਿਆਣਾ ਦੇ ਕਲਾ ਜਗਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲਘੂ ਫਿਲਮਾਂ ਵੱਡੇ ਮਸਲਿਆਂ ਦੀ ਨਿਸ਼ਾਨਦੇਹੀ ਕਰਨ ‘ਚ ਕਈ ਵਾਰ ਫੀਚਰ ਫਿਲਮ ਤੋਂ ਵੀ ਵਡੇਰਾ ਕਾਰਜ ਕਰ ਜਾਂਦੀਆਂ ਹਨ। ਅੱਜ ਵਿਖਾਈਆਂ ਫਿਲਮਾਂ ਚੋਂ ਸ਼ਆਦਤ ਹਸਨ ਮੰਟੋ ਦੀ ਕਹਾਣੀ ਤਮਾਸ਼ਾ ਤੇ ਅਧਾਰਿਤ ਫਿਲਮ ਤਮਾਸ਼ਾ ਦੇ ਹਵਾਲੇ ਨਾਲ ਉਨਾਂ ਕਿਹਾ ਕਿ ਜਲਿਆਂ ਵਾਲਾ ਬਾਗ ਦੁਖਾਂਤ ਦੇ ਹਵਾਲੇ ਨਾਲ ਲਿਖੀ ਇਸ ਕਹਾਣੀ ਵਿੱਚ ਬਾਲ ਮਾਨਸਿਕਤਾ ਬੜੀ ਬਾਰੀਕੀ ਨਾਲ ਪੇਸ਼ ਕੀਤੀ ਗਈ ਹੈ। ਉਨਾਂ ਨਿਸ਼ਾਨੀ, ਸੰਦੂਕ, ਪੱਤੀਆਂ ਤੇ ਗ੍ਰਾਹਕ ਫਿਲਮਾਂ ਦੀ ਸ਼ਲਾਘਾ ਕੀਤੀ। ਉਨਾਂ ਪੰਜਾਬ ‘ਚ ਫਿਲਮ ਤੇ ਟੀ ਵੀ ਇੰਸਟੀਚਿਊਟ ਬਣਾਉਣ ਦੀ ਵਕਾਲਤ ਕਰਦਿਆਂ ਨਾਲ ਹੀ ਕਿਹਾ ਕਿ ਹੁਣ ਤੀਕ ਜਿਹੜੇ ਫਿਲਮੀ ਕਲਾਕਾਰਾਂ ਜਾਂ ਅਦਾਰਿਆਂ ਨੇ ਫਿਲਮਾਂ ਲਈ ਵਪਾਰਕ ਥਾਵਾਂ ਪੰਜਾਬ ਤੋਂ ਬੀਤੇ ਸਮੇਂ ‘ਚ ਕੌਡੀਆਂ ਦੇ ਭਾਅ ਲੈ ਕੇ ਕੋਈ ਕੰਮ ਨਹੀਂ ਕੀਤਾ, ਉਸ ਦਾ ਵੀ ਆਡਿਟ ਕਰਨਾ ਚਾਹੀਦਾ ਹੈ। ਉੱਘੇ ਲੇਖਕ ਤੇ ਪੰਜਾਬ ਪੁਲੀਸ ਦੇ ਡੀ ਆਈ ਜੀ ਸ: ਗੁਰਪ੍ਰੀਤ ਸਿੰਘ ਤੁਰ ਨੇ ਕਿਹਾ ਕਿ ਨਸ਼ਾਮੁਕਤੀ, ਕੰਮਚੋਰੀ ਤੇ ਵਿਹਲੇ ਰਹਿਣ ਦੇ ਕੋਹੜ ਨੂੰ ਮੁਕਾਉਣ ਲਈ ਲਘੂ ਫਿਲਮਾਂ ਵੱਡਾ ਰੋਲ ਅਦਾ ਕਰ ਸਕਦੀਆਂ ਹਨ। ਉਨਾਂ ਹਿੰਮਤੀ ਕਾਫਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ: ਮਨਮੋਹਨ ਸਿੰਘ ਫਿਲਮ ਨਿਰਦੇਸ਼ਕ ਤੇ ਡਾ: ਸ ਸ ਜੌਹਲ ਨੂੰ ਪਰਦੀਪ ਸਿੰਘ,ਮਨਮੋਹਨ ਵਿਨਾਇਕ, ਡਾ: ਪਰਮਜੀਤ ਸੋਹਲ, ਰਾਜੇਸ਼ ਸ਼ਰਮਾ,ਕਿ੍ਰਸਨ ਕਮਲ,ਡਾ: ਯਾਦਵਿੰਦਰ ਸਿੰਘ, ਜਸਬੀਰ ਸੋਹਲ, ਉੱਘੇ  ਕਵੀ  ਬੀਬਾ ਬਲਵੰਤ,ਦੇਵਿੰਦਰ ਕੌਰ ਸੈਣੀ ਡੀਨ ਇਸਮੀਤ ਮਿਊਜ਼ਿਕ ਇੰਸਟੀਚਿਊਟ, ਪਲਕਾ ਸਿੰਘ ਆਰਕੀਟੈਕਟ, ਤੇਜ ਪ੍ਰਤਾਪ ਸਿੰਘ ਸੰਧੂ ਤੇ ਗੁਰਭਜਨ ਗਿੱਲ ਨੇ ਸਨਮਾਨਿਤ ਕੀਤਾ। ਮੰਚ ਸੰਚਾਲਨ ਡਾ: ਦਰਸ਼ਨ ਬੜੀ ਨੇ ਬਹੁਤ ਹੀ ਕਾਵਿਕ ਅੰਦਾਜ਼ ‘ਚ ਕੀਤਾ। ਪਰਦੀਪ ਸਿੰਘ ਨੇ ਦੱਸਿਆ ਕਿ ਲਘੂ ਫਿਲਮ ਫੈਸਟੀਵਲ ਕੱਲ ਵੀ ਜਾਰੀ ਰਹੇਗਾ ਅਤੇ ਸਭਨਾਂ ਲਈ ਦਾਖਲਾ ਖੁੱਲਾ ਹੈ। ਇਸ ਮੌਕੇ ਉੱਘੇ ਫਿਲਮ ਨਿਰਦੇਸਕ ਹਰਿੰਦਰ ਗਿੱਲ (ਵਿਨੀਪੈਗ ਕੈਨੇਡਾ) ਫੀਚਰ ਫਿਲਮ ਨਿਰਮਾਤਾ ਡੀ ਪੀ ਅਰਸੀ (ਸਰੀ ਕੈਨੇਡਾ) ਜੀ ਜੀ ਐੱਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ, ਪ੍ਰੋ: ਜਗਮੋਹਨ ਸਿੰਘ ਟੋਨੀ ਸਮੇਤ ਪੰਜਾਬ ਭਰ ਤੋਂ ਆਏ ਫਿਲਮਸਾਜ ਤੇ ਕਲਾ ਕਦਰਦਾਨ ਹਾਜ਼ਰ ਸਨ।    

   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।