ਕੈਂਸਰ ਪੀੜਤ ਨੂੰ ਖੂਨਦਾਨ ਕਰਕੇ ਮਨਾਇਆ ਜਨਮ ਦਿਨ

ਕੋਟਕਪੂਰਾ,6 ਦਸੰਬਰ (ਟਿੰਕੂ ਕੁਮਾਰ):ਭਾਵੇਂ ਕਈ ਲੋਕ ਆਪਣਾ ਜਨਮ ਦਿਨ ਹੋਟਲਾਂ, ਰੈਸਟੋਰੈਂਟ ਜਾਂ ਪੈਲੇਸਾਂ ਆਦਿ ’ਚ ਮਨਾ ਕੇ ਵੱਡਾ ਖਰਚਾ ਕਰਕੇ ਆਪਣੀ ਸ਼ਾਨ ਸਮਝਦੇ ਹਨ ਪਰ ਕੁਝ ਲੋਕ ਅਜਿਹੇ ਵੀ ਸਮਾਜ ’ਚ ਮੌਜੂਦ ਹਨ ਜੋ ਖੁਸ਼ੀ ਗਮੀ ਦੇ ਸਮਾਗਮਾਂ ਮੌਕੇ ਸਮਾਜ ਨੂੰ ਵਿਲੱਖਣ ਸੁਨੇਹਾ ਦੇਣ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਅਜਿਹੀ ਹੀ ਇਕ ਮਿਸਾਲ ਸਥਾਨਕ ਪੀਬੀਜੀ ਵੈਲਫੇਅਰ ਕਲੱਬ ਦੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਸੰਨੀ ਨੇ ਉਸ ਵੇਲੇ ਪੈਦਾ ਕਰ ਦਿੱਤੀ ਜਦੋਂ ਉਨਾ ਆਪਣੇ ਜਨਮਦਿਨ ਦੀ ਖੁਸ਼ੀ ’ਚ ਲੋੜਵੰਦ ਦੀ ਭਾਲ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਕੈਂਸਰ ਪੀੜਤ ਮਰੀਜ ਕੁਲਵਿੰਦਰ ਕੌਰ ਨੂੰ ਖੂਨ ਮੁਹੱਈਆ ਕਰਵਾਇਆ। ਖੂਨਦਾਨ ਕਰਦਿਆਂ ਸੰਨੀ ਨੇ ਦੱਸਿਆ ਕਿ ਉਸ ਨੂੰ ਫਜੂਲ ਖਰਚੀ ਕਰਨ ਦੀ ਬਜਾਇ ਇਕ ਨਾਮੁਰਾਦ ਬਿਮਾਰੀ ਤੋਂ ਪੀੜਤ ਮਰੀਜ ਦੀ ਜਾਨ ਬਚਾਉਣ ਦੀ ਜਿਆਦਾ ਖੁਸ਼ੀ ਹੋਈ ਹੈ। ਸੰਸਥਾ ਦੇ ਪ੍ਰਧਾਨ ਰਾਜੀਵ ਮਲਿਕ ਨੇ ਦੱਸਿਆ ਕਿ ਸੰਨੀ ਦੇ ਉਕਤ ਉਪਰਾਲੇ ਨਾਲ ਜਿੱਥੇ ਹੋਰਨਾ ਨੂੰ ਪੇ੍ਰਰਨਾ ਮਿਲੇਗੀ, ਉੱਥੇ ਕੈਂਸਰ ਪੀੜਤ ਵਲੋਂ ਵੀ ਅਸੀਸਾਂ ਮਿਲਣੀਆਂ ਸੁਭਾਵਿਕ ਹਨ। ਉਨਾ ਖੂਨਦਾਨ ਸਬੰਧੀ ਜਾਗਰੂਕ ਕਰਦਿਆਂ ਦੱਸਿਆ ਕਿ ਜੇਕਰ ਹਰ ਇਕ ਇਨਸਾਫ ਖੁਸ਼ੀ-ਗਮੀ ਜਾਂ ਹੋਰ ਮੌਕਿਆਂ ’ਤੇ ਖੂਨਦਾਨ ਕਰੇ ਤਾਂ ਬਹੁਤ ਸਾਰੇ ਜਰੂਰਤਮੰਦ ਮਰੀਜਾਂ ਦੀ ਮੱਦਦ ਹੋ ਸਕਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਮਹਾਰਿਸ਼ੀ, ਡਾ. ਰਾਜਿੰਦਰ, ਗੁਰਪ੍ਰੀਤ ਸਿੰਘ, ਜਸ਼ਨ ਮੱਕੜ ਆਦਿ ਵੀ ਹਾਜ਼ਰ ਸਨ।