ਨਰੇਗਾ ਵਿਅਕਤੀਗਤ ਇੱਛਾ ਅਨੁਸਾਰ ਨਹੀਂ ਬਲਕਿ ਕਾਨੂੰਨ ਅਨੁਸਾਰ ਚੱਲੇਗੀ-ਬਲਕਰਨ ਮੋਗਾ,ਨਵਜੋਤ ਜੋਗੇਵਾਲਾ

ਮੋਗਾ,6 ਦਸੰਬਰ(ਜਸ਼ਨ): ਨਰੇਗਾ ਕਾਮਿਆਂ ਨੇ ਬੀ ਡੀ ਪੀ ਓ ਦਫਤਰ ਵਿਖੇ ਆਪਣੀਆਂ ਮੰਗਾ ਲਈ ਵਿਸਾਲ ਧਰਨਾ ਦਿੱਤਾ, ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਜਨਰਲ ਸਕੱਤਰ ਬਲਕਰਨ ਮੋਗਾ ਤੇ ਪ੍ਰਗਤੀ ਪ੍ਰਾਈਵੇਟ ਸਕੂਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਨਵਜੋਤ ਜੋਗੇਵਾਲਾ ਨੇ ਨਰੇਗਾ ਕਾਮਿਆਂ ਨੁੰ ਸੰਬੋਧਨ ਹੁੰਦਿਆਂ ਕਿਹਾ ਕਿ ਆਪਣੇ ਹੱਕਾਂ ਹਿਤਾਂ ਲਈ ਅਵਾਜ ਬੁਲੰਦ ਕਰਨਾ ਹਰ ਵਿਅਕਤੀ ਦਾ ਜਮਹੂਰੀ ਹੱਕ ਹੈ। ਨਰੇਗਾ ਕਾਨੂੰਨ ਪਿੰਡ ਦੇ ਹਰ ਇਕ ਵਿਅਕਤੀ ਲਈ ਕੰਮ ਦੀ ਗਰੰਟੀ ਦਾ ਕਾਨੂੰਨ ਹੈ। ਇਸ ਕਾਨੂੰਨ ਨੇ ਨਾ ਸਿਰਫ ਗਰੀਬ ਲੋਕਾਂ ਨੂੰ ਕੰਮ ਦਿੱਤਾ ਹੈ ਬਲਕਿ ਬਜਾਰ ਦੀ ਅਰਥ-ਵਿਵਸਥਾ ਨੂੰ ਵੀ ਹੁੰਗਾਰਾ ਦਿੱਤਾ ਹੈ ਪਰ ਅੱਜ ਕੁਝ ਕੋਝੀ ਰਾਜਨੀਤੀ ਕਰਨ ਵਾਲੇ ਲੋਕ ਇਸ ਕਾਨੂੰਨ ਦੀ ਪਾਰਦਰਸ਼ਤਾ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ। ਨਰੇਗਾ ਕਿਸੇ ਵਿਅਕਤੀ ਅਤੇ ਗਰੁੱਪ ਦੀ ਇੱਛਾ ਅਨੁਸਾਰ ਨਹੀਂ ਬਲਕਿ ਕਾਨੂੰਨ ਅਨੁਸਾਰ ਕੰਮ ਕਰੇਗਾ। ਨਰੇਗਾ ਦੇ ਕੰਮ ਵਿਚ ਅੜਿੱਕੇ ਪਾਉਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨਰੇਗਾ ਕਾਮਿਆਂ ਦੀ ਦਿਹਾੜੀ ਪੰਜ ਸੌ ਰੁਪਏ ਤੇ ਸਾਲ ਵਿਚ 250 ਦਿਨ ਕੰਮ ਦੀ ਗਰੰਟੀ ਕੀਤੀ ਜਾਵੇ। ਉਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।