ਹਿੰਦ ਪਾਕਿ ਸਰਹੱਦ ’ਤੇ 27 ਸੋਨੇ ਦੀਆਂ ਇੱਟਾਂ ਬਰਾਮਦ,ਪਾਕਿਸਤਾਨ ਤੋਂ ਆਏ ਫਲਾਂ ਦੇ ਭਰੇ ਟਰੱਕ ‘ਚੋਂ ਕਸਟਮ ਵਿਭਾਗ ਨੇ ਕੀਤੀ ਬਰਾਮਦਗੀ

ਅਮਿ੍ਰਤਸਰ,6 ਦਸੰਬਰ (ਪੱਤਰ ਪਰੇਰਕ): ਕੱਲ ਸ਼ਾਮ ਪਾਕਿਸਤਾਨ ਵਾਲੇ ਪਾਸਿਓਂ ਆਏ ਫਲਾਂ ਅਤੇ ਅਨਾਰਾਂ ਨਾਲ ਭਰੇ ਟਰੱਕ ‘ਚੋਂ ਕਸਟਮ ਵਿਭਾਗ ਦੇ ਆਈ ਸੀ ਪੀ ਅਧਿਕਾਰੀਆਂ ਵੱਲੋਂ ਬਾਰਡਰ ‘ਤੇ ਕੀਤੀ ਚੈਕਿੰਗ ਦੌਰਾਨ 27 ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ ਗਈਆਂ ਜਿਹਨਾਂ ਦਾ ਵਜ਼ਨ ਲਗਭਗ 32 ਕਿਲੋ ਬਣਦਾ ਹੈ। 118 ਏਕੜ ਵਿਚ ਫੈਲੀ ਚੈੱਕ ਪੋਸਟ (ਆਈ ਸੀ ਪੀ ਅਟਾਰੀ) ਵਿਖੇ ਮੌਜੂਦ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਟਾਰੀ ਵਿਖੇ ਫਲਾਂ ਦੇ ਭਰੇ ਟਰੱਕ ਚੋਂ ਚੈਕਿੰਗ ਦੌਰਾਨ ਲਗਭਗ 32 ਕਿਲੋ ਸੋਨੇ ਦੀ ਬਰਾਮਦਗੀ ਕੀਤੀ ਗਈ। ਟਰੱਕ ਵਿਚ 900 ਟੋਕਰੀਆਂ,200 ਕਰੇਟ ਸੇਬ ਅਤੇ 12 ਅਨਾਰਾਂ ਦੀਆਂ ਟੋਕਰੀਆਂ ਲੱਦੀਆਂ ਹੋਈਆਂ ਸਨ। ਇਸ ਟਰੱਕ ਨੂੰ ਗੁੱਲ ਖ਼ਾਨ ਪੁੱਤਰ ਮੁਹੱਬਤ ਖ਼ਾਨ ਵਾਸੀ ਚੱਕ ਅੱਕਾ ਢੋਕ ਅਵਾਂ ਜ਼ਿਲਾ ਜ਼ੇਹਲਮ ਪਾਕਿਸਤਾਨ ਚਲਾ ਰਿਹਾ ਸੀ। ਇਹ ਟਰੱਕ ਪਾਕਿਸਤਾਨ ਵਾਲੇ ਪਾਸਿਓਂ ਜ਼ੀਰੋ ਲਾਈਨ ਗੇਟ ਰਾਹੀਂ ਆਈ ਸੀ ਪੀ ਅਟਾਰੀ ਬਾਰਡਰ ਪੁਲਿਸ ਸਟੇਸ਼ਨ ਘਰਿੰਡਾ ਜ਼ਿਲਾ ਅਮਿ੍ਰਤਸਰ ਵਿਖੇ ਕੱਲ ਸ਼ਾਮ ਤਕਰੀਬਨ 6 ਵਜੇ ਪਹੰੁਚਿਆ ਸੀ। ਪਾਕਿਸਤਾਨ ਤੋਂ ਵਪਾਰ ਗੇਟ ਰਾਹੀਂ ਮਾਲ ਭਰ ਕੇ ਭਾਰਤ ਆਏ ਟਰੱਕ ‘ਚੋਂ ਭਾਰਤੀ ਕਸਟਮ ਵਿਭਾਗ ਨੇ ਤਲਾਸ਼ੀ ਦੌਰਾਨ ਸੋਨੇ ਦੀਆਂ 27 ਇੱਟਾਂ ਬਰਾਮਦ ਕੀਤੀਆਂ। ਡਰਾਈਵਰ ਗੁਲ ਖ਼ਾਨ ਨੇ ਫਲ਼ਾਂ ਦੇ ਭਰੇ ਟਰੱਕ ਨੂੰ ਅਮੀਨੀ ਸਦਰੀ ਲਿਮਟਿਡ ,ਰਹੀਮੀ ਸਨੰਜ਼ ,ਮਾਰਕੀਟ ਕੰਪਨੀ ਰੋਡ, ਕਾਬੁਲ,ਅਫ਼ਗਾਨਿਸਤਾਨ ਤੋਂ ਚੱਲ ਕੇ ਐੱਮ ਐੱਸ ਯੂਨੀਵਰਸਲ ਸੋਲਿੳੂਸ਼ਨ,81 ਪੋਲ ਨੰਬਰ,112 ਕੰਗਨਹੇੜੀ ਦਿੱਲੀ ਵਿਖੇ ਲੈ ਜਾਣਾ ਸੀ ਪਰ ਉਹ ਅਟਾਰੀ ਬਾਰਡਰ ’ਤੇ ਹੋਈ ਚੈਕਿੰਗ ਦੌਰਾਨ ਕਸਟਮ ਵਿਭਾਗ ਦੀ ਗਰਿਫਤ ਵਿਚ ਆ ਗਿਆ। ਕਸਟਮ ਵਿਭਾਗ ਦੇ ਆਈ ਸੀ ਪੀ ਅਧਿਕਾਰੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਵਿਭਾਗ ਵੱਲੋਂ ਗੋਲਡ ਪਲੇਟਿਡ ਇੱਟਾਂ ਦੀ ਜਾਂਚ ਵੀ ਕਰਵਾਈ ਜਾਵੇਗੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਵਾਕਿਆ ਹੀ ਇਹ ਇਟਾਂ ਸੋਨੇ ਦੀਆਂ ਹੀ ਹਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


