ਸੀ ਬੀ ਆਈ ਨੇ ਧਰਮਕੋਟ ਸਹਿਕਾਰੀ ਬੈਂਕ ਦੀਆਂ ਚੋਣਾਂ ਦੌਰਾਨ ਗੜਬੜੀ ਦੇ ਮਾਮਲੇ ‘ਚ 15 ਵਿਅਕਤੀਆਂ ਖਿਲਾਫ਼ ਦੋਸ਼ ਪੱਤਰ ਕੀਤੇ ਦਾਇਰ

ਮੋਹਾਲੀ ,5 ਦਸੰਬਰ (ਜਸ਼ਨ): PADB ਸਹਿਕਾਰੀ ਖੇਤੀ ਵਿਕਾਸ ਬੈਂਕ ਧਰਮਕੋਟ ਦੀਆਂ ਚੋਣਾਂ ਦੌਰਾਨ ਗੜਬੜੀ ਕਰਨ ਦੇ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿੳੂਰੋ ਆਫ਼ ਇਨਵੈਸਟੀਗੇਸ਼ਨ (ਸੀ ਬੀ ਆਈ) ਨੇ 15 ਵਿਅਕਤੀਆਂ ਖਿਲਾਫ਼ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ। ਚਾਰਜਸ਼ੀਟ ਕੀਤੇ 15 ਵਿਅਕਤੀਆਂ ਵਿਚ 5 ਪੁਲਿਸ ਅਧਿਕਾਰੀ ,ਇਕ ਫੂਡ ਸੇਫ਼ਟੀ ਅਫਸਰ ,ਸਹਿਕਾਰੀ ਸੁਸਾਇਟੀਆਂ ਵਿਭਾਗ ਦੇ 3 ਅਧਿਕਾਰੀ ਅਤੇ 6 ਹੋਰ ਵਿਅਕਤੀ ਸ਼ਾਮਲ ਹਨ । ਸੀ ਬੀ ਆਈ ਵੱਲੋਂ ਇਹ ਚਾਰਜਸ਼ੀਟ ਸੀ ਬੀ ਆਈ ਦੀ ਮੋਹਾਲੀ ਸਥਿਤ ਸਪੈਸ਼ਲ ਕੋਰਟ ਵਿਚ ਪੇਸ਼ ਕੀਤੀ ਗਈ। ਵਰਨਣਯੋਗ ਹੈ ਕਿ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਸੀ ਬੀ ਆਈ ਨੇ ਸਹਿਕਾਰੀ ਬੈਂਕ ਧਰਮਕੋਟ ਦੀ ਚੋਣ ਨਾਲ ਸਬੰਧਤ ਇਹ ਕੇਸ 5 ਜੁਲਾਈ 2016 ਨੂੰ ਦਰਜ ਕੀਤਾ ਸੀ । ਅਦਾਲਤ ਵਿਚ ਪੇਸ਼ ਹੋਏ ਪਟੀਸ਼ਨਰ ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਨੇ ਦੋਸ਼ ਲਗਾਇਆ ਸੀ ਕਿ ਸਹਿਕਾਰੀ ਖੇਤੀ ਵਿਕਾਸ ਬੈਂਕ ਧਰਮਕੋਟ ਦੀਆਂ ਚੋਣਾਂ ਦੌਰਾਨ ਡਾਇਰੈਕਟਰ ਦੀ ਚੋਣ ਲਈ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਜਾਣਬੁੱਝ ਕੇ ਰੋਕਿਆ ਗਿਆ । ਉਸ ਮੁਤਾਬਕ ਸਿਤਮਜ਼ਰੀਫ਼ੀ ਇਹ ਰਹੀ ਕਿ ਇਸ ਧੱਕੇਸ਼ਾਹੀ ਖਿਲਾਫ਼ ਜਦੋਂ ਉਸ ਨੇ ਹਾਈਕੋਰਟ ਤੱਕ ਪਹੰੁਚ ਕੀਤੀ ਤਾਂ ਉਲਟਾ ਉਸ ਖਿਲਾਫ਼ ਹੀ 24 ਮਾਰਚ 2014 ਨੂੰ ਇੰਡੀਅਨ ਪੈਨਲ ਕੋਡ ਦੀ ਧਾਰਾ 420,272,273 ਅਤੇ ਫੂਡ ਸੇਫ਼ਟੀਂ ਐਂਡ ਸਟੈਡਰਡ ਐਕਟ 2006 ਤਹਿਤ ਮਾਮਲਾ ਦਰਜ ਕਰ ਲਿਆ ਗਿਆ । ਲੌਂਗੀਵਿੰਡ ਨੇ ਦੱਸਿਆ ਕਿ ਸੀ ਬੀ ਆਈ ਵੱਲੋਂ ਕੀਤੀ ਜਾਂਚ ਵਿਚ ਇਹ ਪਾਇਆ ਗਿਆ ਕਿ ਸਹਿਕਾਰੀ ਸੋਸਾਇਟੀਆਂ ਵਿਭਾਗ ਪੰਜਾਬ ਸਰਕਾਰ ਨੇ ਸਥਾਨਕ ਪੁਲਿਸ ਅਤੇ ਕੁਝ ਹੋਰ ਵਿਅਕਤੀਆਂ ਨਾਲ ਸਾਜਬਾਜ ਹੁੰਦਿਆਂ ਚੋਣ ਪ੍ਰਰਿਕਿਰਿਆ ਵਿਚ ਧਾਂਦਲੀ ਕੀਤੀ । ਸੀ ਬੀ ਆਈ ਵੱਲੋਂ ਲਗਾਏ ਦੋਸ਼ਾਂ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਪਟੀਸ਼ਨਰ ਅਤੇ ਹੋਰਨਾਂ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਤੱਕ ਵੀ ਦਾਖਲ ਨਹੀਂ ਕਰਨ ਦਿੱਤੇ,ਹੋਰ ਤਾਂ ਹੋਰ ਸਹਿਕਾਰੀ ਸਭਾਵਾਂ ਵਿਭਾਗ ਦੇ ਅਧਿਕਾਰੀਆਂ ਨੇ ਕੁਝ ਚੋਣਵੇਂ ਉਮੀਦਵਾਰਾਂ ਦੀ ਤਰਫ਼ੋਂ ਨਾਮਜ਼ਦਗੀ ਫੀਸ ਵੀ ਖੁਦ ਹੀ ਜਮਾਂ ਕਰਵਾਈ ਤੇ ਇੰਜ ਚੋਣ ਪਰਿਕਿਆ ਨੂੰ ਪੂਰੀ ਤਰਾਂ ਤਾਰਪੀਡੋ ਕਰਦਿਆਂ ਇਹਨਾਂ ਚੋਣਵੇਂ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ। ਲੌਂਗੀਵਿੰਡ ਨੇ ਦੱਸਿਆ ਕਿ ਫੂਡ ਸੇਫ਼ਟੀ ਅਫਸਰ ਅਭਿਨਵ ਕੁਮਾਰ ਖੋਸਲਾ ਖਿਲਾਫ਼ ਕੋਟ ਈਸੇ ਖਾਂ ਵਿਖੇ ਪਹਿਲਾਂ ਵੀ ਮਾਮਲਾ ਦਰਜ ਹੋ ਚੁੱਕਾ ਜਦੋਂ ਉਹ ਸੀ ਬੀ ਆਈ ਅਫਸਰ ਦੇ ਸੁਆਂਗ ਵਿਚ ਥਾਣਾ ਕੋਟ ਈਸੇ ਖਾਂ ਤੋਂ ਕੁਲਬੀਰ ਖਿਲਾਫ਼ ਦਰਜ ਮਾਮਲੇ ਦੇ ਦਸਤਾਵੇਜ਼ ਲੈਣ ਪਹੁੰਚਿਆ ਸੀ। ਪੁਲਿਸ ਨੂੰ ਸ਼ੱਕ ਪੈਣ ’ਤੇ ਸੀ ਬੀ ਆਈ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਸਚਾਈ ਸਾਹਮਣੇ ਆਉਣ ’ਤੇ ਸੀ ਬੀ ਆਈ ਇੰਸਪੈਕਟਰ ਵੀਨਾ ਗੇਰਾ ਦੀਆਂ ਹਦਾਇਤਾਂ ’ਤੇ ਅਭਿਨਵ ਖਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 170 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।