ਕੈਪਟਨ ਅਮਰਿੰਦਰ ਵੱਲੋਂ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਾਇਆ

ਚੰਡੀਗੜ, 1 ਦਸੰਬਰ(ਜਸ਼ਨ):ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕਾਰਵਾਈ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉੱਘੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਬੋਰਡ ਮੈਂਬਰ ਨਿਯੁਕਤ ਕਰ ਦਿੱਤਾ, ਉਨਾਂ ਦੀ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੈਨਲ ਵਿੱਚ ਇੱਕ ਦੀ ਥਾਂ ਦੋ ਵਾਤਾਵਰਣ ਪੇ੍ਰਮੀ ਸ਼ਾਮਲ ਕਰਨ ਦੇ ਹੁਕਮ ਕੀਤੇ ਹਨ। ਬੋਰਡ ਦੀ ਪਹਿਲਾਂ ਤੋਂ ਤਹਿ ਨਿਯਮਾਂ ਅਨੁਸਾਰ ਪੈਨਲ ਵਿੱਚ ਇੱਕ ਵਾਤਾਵਰਣ ਪ੍ਰੇਮੀ ਲਿਆ ਜਾਂਦਾ ਸੀ ਪ੍ਰੰਤੂ ਹੁਣ ਬੋਰਡ ਦੇ ਪੈਨਲ ਵਿੱਚ ਦੋ ਵਾਤਾਵਰਣ ਪ੍ਰੇਮੀ ਹੋਣਗੇ। ਉਕਤ ਫੈਸਲਾ ਰਾਜ ਭਰ ਵਿੱਚ ਵਾਤਾਵਰਣ ਪ੍ਰਦੂਸ਼ਣ ਦੇ ਫੈਲਾਅ ਨੂੰ ਹੋਰ ਪ੍ਰਭਾਵੀ ਢੰਗ ਨਾਲ ਠੱਲ ਪਾਉਣ ਦੇ ਮਕਸਦ ਨਾਲ ਲਿਆ ਗਿਆ ਹੈ।
ਉਕਤ ਫੈਸਲੇ ਨਾਲ ਬੋਰਡ ਵਿੱਚ ਹੁਣ ਦੋ ਵਾਤਾਵਰਣ ਪ੍ਰੇਮੀ ਹੋ ਗਏ ਹਨ, ਜਿਨਾਂ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹਾਲ ਹੀ ਵਿੱਚ ਬੋਰਡ ਦੇ ਪੈਨਲ ਵਿੱਚ ਸ਼ਾਮਲ ਕੀਤੇ ਗਏ ਬਾਬਾ ਸੇਵਾ ਸਿੰਘ, ਚੇਅਰਮੈਨ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਹਨ। 
ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਬੋਰਡ ਵਿੱਚ ਚੇਅਰਮੈਨ ਸਮੇਤ 18 ਮੈਂਬਰ ਹਨ ਜਿਨਾਂ ਵਿੱਚੋਂ 5 ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ, 5 ਸਥਾਨਕ ਅਥਾਰਟੀ ਦੇ ਨੁਮਾਂਇੰਦੇ, 4 ਨੁਮਾਂਇੰਦੇ ਉਦਯੋਗ, ਵਪਾਰ, ਵਣਜ ਅਤੇ ਮੱਛੀ ਪਾਲਣ ਤੋਂ, 2 ਮੈਂਬਰ ਰਾਜ ਸਰਕਾਰ ਵੱਲੋਂ ਚਲਾਏ ਜਾਂਦੇ ਕਾਰਪੋਰੇਸ਼ਨਾਂ ਤੋਂ ਅਤੇ 1 ਮੈਂਬਰ ਸੈਕਟਰੀ ਹੁੰਦਾ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।