2 ਵਾਹਨਾਂ ਦੀ ਹੋਈ ਭਿਆਨਕ ਟੱਕਰ ਵਿਚ 1 ਹਲਾਕ 2 ਗੰਭੀਰ ਜਖਮੀ

ਫਿਰੋਜ਼ਪੁਰ,ਫਾਜਿਲਕਾ 20 ਨਵੰਬਰ ( ਸੰਦੀਪ ਕੰਬੋਜ ਜਈਆ) : ਫਿਰੋਜ਼ਪੁਰ ਫਾਜਿਲਕਾ ਮੁੱਖ ਮਾਰਗ ਤੇ ਸੜਕ ਦੁਰਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਤੇ ਆਏ ਦਿਨ ਇਸ ਮਾਰਗ ਤੇ ਸੜਕ ਹਾਦਸਿਆਂ ਵਿਚ ਮੌਤਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ।ਇਸੇ ਤਰ੍ਹਾਂ ਇਕ ਵਾਰ ਫਿਰ ਐਤਵਾਰ ਦੀ ਰਾਤ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ‘ਤੇ ਪੈਂਦੇ ਪਿੰਡ ਜੀਵਾ ਅਰਾਈ ਸੇਮ ਨਾਲਾ ਪੁੱਲ ‘ਤੇ 2 ਟਰੱਕਾਂ ਦੀ ਹੋਈ ਆਪਸੀ ਭਿਆਨਕ ਟੱਕਰ ਕਾਰਨ 1 ਵਿਅਕਤੀ ਦੀ ਮੋਕੇ ਤੇ ਹੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਜਦਕਿ 2 ਵਿਅਕਤੀ ਬੇਹੱਦ ਗੰਭੀਰ ਤੌਰ ‘ਤੇ ਜ਼ਖਮੀ ਦੱਸੇ ਜਾ ਰਹੇ ਹਨ। ਜਿਕਰਯੋਗ ਹੈ ਕਿ ਇਸ ਸੜਕ ਹਾਦਸੇ ਦੀ ਖਬਰ ਮਿਲਦਿਆਂ ਨਜਦੀਕੀ ਮਾਹਮੂਜੋਈਆ ਟੋਲ ਪਲਾਜ਼ਾ ਦੇ ਮੈਨੇਜਰ ਸੁਰਿੰਦਰ ਸਿੰਘ ਗਿੱਲ ਆਪ ਐਂਬੂਲੈਂਸ ਲੈ ਕੇ ਦੁਰਘਟਨਾ ਸਥਾਨ ਤੇ ਪਹੁੰਚੇ ਅਤੇ ਉਹਨਾਂ ਮੁਲਾਜ਼ਮਾਂ ਦੀ ਮਦਦ ਨਾਲ ਜਖਮੀਆਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਪਰ ਸ਼ਰਮਨਾਕ ਗੱਲ ਇਹ ਹੋਈ ਕਿ ਜਦ ਐਂਬੂਲੈਂਸ ਗੰਭੀਰ ਜਖਮੀਆਂ ਨੂੰ ਲੈ ਕੇ ਹਸਪਤਾਲ ਪਹੁੰਚੀ ਤਾਂ ਉਥੇ ਮੌਜੂਦ ਸਟਾਫ ਵੱਲੋਂ ਜਖਮੀਆਂ ਨੂੰ ਸੰਭਾਲਣ ਵਿਚ ਅਣਗਹਿਲੀ ਕਰਦਿਆਂ ਬਹੁਤ ਦੇਰੀ ਕੀਤੀ ਗਈ। ਜਾਣਕਾਰੀ ਅਨੁਸਾਰ ਰਾਤ ਕਰੀਬ 9 ਵਜੇ ਇਕ ਟਰੱਕ, ਜੋ ਸ੍ਰੀ ਅੰਮਿ੍ਰਤਸਰ ਸਾਹਿਬ ਤੋਂ ਸੇਬ ਲੈ ਕੇ ਜਲਾਲਾਬਾਦ ਨੂੰ ਆ ਰਿਹਾ ਸੀ ਅਤੇ ਦੂਜਾ ਟਰੱਕ ਜੋ, ਹਨੂੰਮਾਨਗੜ੍ਹ ਤੋਂ ਫਿਰੋਜ਼ਪੁਰ ਜਾ ਰਿਹਾ ਸੀ, ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਹਨੂੰਮਾਨਗੜ੍ਹ ਵਾਲੇ ਟਰੱਕ ਡਰਾਈਵਰ ਪੂਰੀ ਤਰ੍ਹਾਂ ਦੋਵਾਂ ਟਰੱਕਾਂ ਦੀ ਲਪੇਟ ਵਿਚ ਆ ਗਏ ਜਿੰਨਾ ਨੂੰ ਬੜੀ ਮੁਸ਼ਕਿਲ ਨਾਲ ਟਰੱਕਾਂ ਵਿਚੋਂ ਕੱਢਿਆ ਗਿਆ। ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚੇ ਟੋਲ ਪਲਾਜ਼ਾ ਮੈਨੇਜਰ ਸੁਰਿੰਦਰ ਗਿੱਲ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ ਕਾਰਨ 1 ਵਿਅਕਤੀ ਦੀ ਮੌਕੇ ਮੌਤ ਹੋ ਗਈ ਹੈ ਜਦਕਿ ਗੰਭੀਰ ਤੌਰ ‘ਤੇ ਜ਼ਖਮੀ ਹੋਏ 2 ਨੂੰ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਸਬੰਧਤ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


