ਜੈਕਾਰਾ ਮੂਵਮੈਂਟ ਵਲੋਂ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਸ਼ਖਸ਼ੀਅਤਾਂ ਦਾ ਸਨਮਾਨ ਸਮਾਰੋਹ 22 ਨਵੰਬਰ ਨੂੰ

ਕੋਟਕਪੂਰਾ, 20 ਨਵੰਬਰ (ਟਿੰਕੂ ਕੁਮਾਰ ) :- ‘ਜੈਕਾਰਾ ਮੂਵਮੈਂਟ’ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਮੌਕੇ ਸਥਾਨਕ ਜੈਤੋ ਰੋਡ ’ਤੇ ਸਥਿੱਤ ਗੁਰਦੁਵਾਰਾ ਪਾਤਸ਼ਾਹੀ ਦਸਵੀਂ ਵਿਖੇ ਸ਼ਬਦ ਗਾਇਨ, ਧਾਰਮਿਕ ਗੀਤ ਮੁਕਾਬਲੇ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਸਰਪ੍ਰਸਤ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਨੇ ਦੱਸਿਆ ਕਿ 22 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਕਰਵਾਏ ਜਾਣ ਵਾਲੇ ਉਕਤ ਸਮਾਗਮ ‘ਟੈਲੈਂਟ ਸਰਚ 2018’ ’ਚ ਐਮ.ਐਚ.-1 ਦੇ ਸਪੈਸ਼ਲ ਐਵਾਰਡ ਫੋਲਕ ਆਵਾਜ ਪੰਜਾਬ ਦੀ ਅਰਥਾਤ ਪਰਮਿੰਦਰ ਸਿਬੀਆ ਅਤੇ ਉੱਭਰਦੇ ਗਾਇਕ ਗੁਰੀ ਮੱਕੜ ਵੀ ਹਾਜਰੀ ਲਵਾਉਣਗੇ ਤੇ ਉੱਘੇ ਨਾਟਕਕਾਰ ਦਰਸ਼ਨ ਸਿੰਘ ਸਿਬੀਆ ਹੱਥ ਦੀ ਸਫਾਈ ਵਾਲੇ ਜਾਦੂ ਦੇ ਹੈਰਾਨੀਜਨਕ ਟਰਿੱਕ ਦਿਖਾਉਣਗੇ। ਉਨਾ ਦੱਸਿਆ ਕਿ ਸ਼ਬਦ ਗਾਇਨ ਅਤੇ ਧਾਰਮਿਕ ਮੁਕਾਬਲਿਆਂ ’ਚ ਜੇਤੂ ਰਹਿਣ ਵਾਲਿਆਂ ਨੂੰ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਅਤੇ ਸ੍ਰ ਰਾਜਬਚਨ ਸਿੰਘ ਸੰਧੂ ਐਸਐਸਪੀ ਫਰੀਦਕੋਟ ਸਨਮਾਨਿਤ ਕਰਨਗੇ। ਉਨਾਂ ਦੱਸਿਆ ਕਿ ਇਸ ਮੌਕੇ ਸਮਾਜਸੇਵਾ, ਵਾਤਾਵਰਣ, ਸੱਭਿਆਚਾਰ, ਵਿਦਿਅਕ, ਖੇਡਾਂ ਜਾਂ ਮਨੁੱਖਤਾ ਦੀ ਭਲਾਈ ਵਾਲੇ ਕਾਰਜਾਂ ਲਈ ਯਤਨਸ਼ੀਲ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜਿੰਨਾ ’ਚ ਉਪਰੋਕਤ ਤੋਂ ਇਲਾਵਾ ਮਿਨਾਕਸ਼ੀ ਬਾਂਸਲ, ਮਾ ਹਰਨਾਮ ਸਿੰਘ, ਮਾ ਸੰਦੀਪ ਅਰੋੜਾ, ਮਾ ਗੁਰਪ੍ਰੀਤ ਸਿੰਘ ਸਰਾਂ ਸਮੇਤ ਰਾਮ ਮੁਹੰਮਦ ਸਿੰਘ ਅਜਾਦ, ਪੀਬੀਜੀ ਵੈਲਫੇਅਰ ਕਲੱਬ, ਰੈਡੀ ਟੂ ਹੈਲਪ ਵਰਗੀਆਂ ਸਮਾਜਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਦੇ ਸੰਚਾਲਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।


