ਅਮ੍ਰਿਤਸਰ ਬੰਬ ਧਮਾਕੇ ਤੋ ਬਾਅਦ ਫਿਰੋਜ਼ਪੁਰ-ਫਾਜ਼ਿਲਕਾ ਪੁਲਿਸ ਨੇ ਨਿਰੰਕਾਰੀ ਸਤਿਸੰਗ ਭਵਨਾਂ ਵਿਚ ਵਧਾਈ ਸੁਰੱਖਿਆ

ਫਿਰੋਜ਼ਪੁਰ, ਫਾਜਿਲਕਾ 19 ਨਵੰਬਰ (ਸੰਦੀਪ ਕੰਬੋਜ ਜਈਆ) :  ਬੀਤੇ ਦਿਨੀਂ ਅੰਮ੍ਰਿਤਸਰ ਦੇ ਰਾਜਾਸਾਂਸੀ ਖੇਤਰ ਵਿਚ ਚੱਲ ਰਹੇ ਨਿਰੰਕਾਰੀ ਸਤਿਸੰਗ ਵਿਚ 2 ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਬੰਬ ਸੁੱਟਣ ਤੋਂ ਬਾਅਦ ਹੋਏ ਭਿਆਨਕ ਵਿਸਫੋਟ ਉਪਰੰਤ ਜ਼ਿਲਾ ਫਿਰੋਜ਼ਪੁਰ ਵਿਚ ਪੁਲਿਸ ਨੇ ਚੌਕਸ ਹੁੰਦਿਆਂ  ਫਿਰੋਜ਼ਪੁਰ ਛਾਉਣੀ ਦੇ ਸਾਰੇ ਮੁੱਖ ਮਾਰਗਾਂ ਤੇ ਨਾਕਾਬੰਦੀ ਤੇਜ ਕਰ ਦਿੱਤੀ ਹੈ ਅਤੇ ਨਿਰੰਕਾਰੀ ਭਵਨ ਵੱਲ ਜਾਂਦੇ ਯਾਤਰੀਆਂ ਤੇ ਤਿੱਖੀ ਨਜਰ ਰੱਖਦਿਆਂ ਹਰੇਕ ਸ਼ੱਕੀ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਵੱਲੋਂ ਨਿਰੰਕਾਰੀ ਸਤਿਸੰਗ ਭਵਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਸਰੇ ਪਾਸੇ ਇਸ ਘਟਨਾ ਨੂੰ ਲੈ ਕੇ ਸਤਿਸੰਗ ਘਰ ਫਿਰੋਜ਼ਪੁਰ ਸ਼ਹਿਰ ਦੇ ਪ੍ਰਮੁੱਖ ਸੇਵਾਦਾਰ ਨਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਨਿਰੰਕਾਰੀ ਮਿਸ਼ਨ ਮਨੁੱਖਤਾ ਦੀ ਸੇਵਾ ਵਿਚ ਜੁਟਿਆ ਹੋਇਆ ਹੈ ਅਤੇ ਮਨੁੱਖਤਾ ਦੇ ਭਲੇ ਲਈ ਸੰਦੇਸ਼ ਦੇ ਰਹੇ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ’ਤੇ ਬੰਬ ਵਿਸਫੋਟ ਬਹੁਤ ਨਿੰਦਾਯੋਗ ਹੈ। ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ.ਪ੍ਰੀਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਜ਼ਿਲੇ ਵਿਚ ਸੰਤ ਨਿਰੰਕਾਰੀ ਭਵਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਭਰ ਵਿਚ ਸੰਤ ਨਿਰੰਕਾਰੀ ਸਤਿਸੰਗ ਘਰ ਹੈ, ਜਿਨ੍ਹਾਂ ਦੀ ਲਿਸਟ ਪ੍ਰਬੰਧਕਾਂ ਵੱਲੋਂ ਫਿਰੋਜ਼ਪੁਰ ਪੁਲਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਉਧਰ ਜ਼ਿਲਾ ਫਾਜ਼ਿਲਕਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਕੇਤਲ ਬਲੀ ਰਾਮ ਪਾਟਿਲ ਦੇ ਨਿਰਦੇਸ਼ਾਂ ਤਹਿਤ ਜਲਾਲਾਬਾਦ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆਂ ਸਬੰਧੀ ਪੁਲਿਸ ਫੋਰਸ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਅਣਸੁੱਖਿਆਵੀ ਘਟਨਾ ਨਾ ਵਾਪਰ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸੀਨੀਅਰ ਪੁਲਸ ਕਪਤਾਨ ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਅਤੇ ਹਰੇਕ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।ਉਹਨਾਂ ਕਿਹਾ ਕਿ ਨਿਰੰੰਕਾਰੀ ਡੇਰਿਆ ਤੇ ਪੁਲਿਸ ਫੋਰਸ ਤੈਨਾਤ ਕਰਕੇ ਸੁਰੱੱਖਿਆ ਘੇਰਾ ਵਧਾਉਣ ਦੇ ਜਿਥੇ ਡੇਰਾ ਪ੍ਰਬੰਧਕਾਂ ਨੂੰ ਸੀ ਸੀ ਟੀ ਵੀ ਕੈਮਰੇ ਲਗਾਉਣ ਲਈ ਕਿਹਾ ਹੈ ਉਥੇ ਹੀ ਡੇਰੇ ਵਿਚ ਸੰਤਸੰਗ ਵਿਚ ਕਰਵਾਉਣ ਤੋ ਪਹਿਲਾ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।