ਚੋਰੀ ਦੀ ਕਾਰ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਪੰਜ ਪੁੁੁਲਿਸ ਅੜਿੱਕੇ

ਫਿਰੋਜ਼ਪੁਰ, ਫਾਜਿਲਕਾ 18 ਨਵੰਬਰ (ਸੰਦੀਪ ਕੰਬੋਜ ਜਈਆ) :  ਬੀਤੇ ਦਿਨੀਂ ਕਸਬਾ ਮਮਦੋਟ ਵਿਚ ਲਗਾਤਾਰ ਹੋਈਆਂ ਚੋਰੀਆਂ ਦੇ ਚੱਲਦਿਆਂ ਮਮਦੋਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਮਮਦੋਟ ਪੁਲਿਸ ਨੇ ਇਕ ਇੰਡੀਕਾ ਕਾਰ, 4 ਐਲ.ਸੀ.ਡੀ. ਅਤੇ ਚੋਰੀ ਦੀ ਵਾਰਦਾਤ ਸਮੇਂ ਵਰਤੇ ਇਕ ਮੋਟਰਸਾਈਕਲ ਸਮੇਤ 5 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਇਸ ਸਬੰਧੀ ਪੱਤਰਕਾਰਾਂਂ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਥਾਣਾ ਮੁਖੀ ਮਮਦੋਟ ਨੇ ਦੱਸਿਆ ਕਿ ਕੱਲ੍ਹ ਜਦ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿਚ ਮਮਦੋਟ ਤੋਂ ਚਪਾਤੀ ਰੋਡ ਨੂੰ ਜਾ ਰਹੇ ਸੀ ਤਾਂ ਮਮਦੋਟ ਸਟੇਡੀਅਮ ਦੇ ਕੋਲ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ ਦਿਖਾਈ ਦਿੱਤੀ ਅਤੇ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ 'ਤੇ ਕਾਰ ਵਿਚ ਸਵਾਰ ਵਿਅਕਤੀਆਂ ਨੇ ਕਾਰ ਨੂੰ ਰੋਕਣ ਦੀ ਬਿਜਾਏ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਵਿਚ ਸਵਾਰ ਨੌਜਵਾਨਾਂ ਦੀ ਪਛਾਣ ਜੱਜ ਕੁਮਾਰ ਪੁੱਤਰ ਮੇਜਰ ਸਿੰਘ ਵਾਸੀ ਕੋਠੀ ਰਾਏ ਸਾਹਬ ਸਿੰਘ, ਜਸਮੀਤ ਉਰਫ਼ ਸਾਹਬੀ ਪੁੱਤਰ ਬੋਹੜ ਸਿੰਘ ਵਾਸੀ ਬੂਟੇ ਵਾਲਾ, ਰੋਹਿਤ ਪੁੱਤਰ ਸ਼ੰਕਰ ਵਾਸੀ ਮੁਰਾਦਾਬਾਦ (ਤਰਨਤਾਰਨ) ਜੋਗਾ ਪੁੱਤਰ ਪਾਲਾ ਵਾਸੀ ਖਾਈ ਫੇਮੇ ਕੀ ਅਤੇ ਰਾਹੁਲ ਪੁੱਤਰ ਬਲਵਿੰਦਰ ਵਾਸੀ ਦੁਲਚੀ ਕੇ ਰੋਡ ਫ਼ਿਰੋਜ਼ਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਦੀ ਲਈ ਤਲਾਸ਼ੀ ਸਮੇਂ ਜੱਜ ਕੁਮਾਰ ਪਾਸੋਂ 1150 ਅਲਫਾਜੋਮ (ਨਸ਼ੇ ਵਾਲੀਆਂ ਗੋਲੀਆਂ) ਬਰਾਮਦ ਹੋਈਆਂ ਹਨ ਤੇ ਉਕਤ ਵਿਅਕਤੀਆਂ ਖਿਲਾਫ਼ ਐਨ.ਡੀ.ਪੀ.ਸੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ 5 ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਏ.ਐਸ.ਆਈ. ਸ਼ਿੰਗਾਰਾ ਸਿੰਘ, ਸੁਖਦਰਸ਼ਨ ਕੁਮਾਰ ਅਤੇ ਤਰਸੇਮ ਸਿੰਘ ਮੁੱਖ ਮੁਨਸ਼ੀ ਵੀ ਹਾਜ਼ਰ ਸਨ।ਇਥੇ ਦੱਸਣਯੋਗ ਹੈ ਕਿ ਹਲਕਾ ਗੂਰੁਹਰਸਹਾਏ ਅਤੇ ਮਮਦੋਟ ਵਿਚ ਲੰੰਬੇ ਸਮੇਂ ਚੋਰ ਗਰੋਹ ਸਰਗਰਮ ਹਨ ਅਤੇ ਇਹਨਾਂ ਵੱੱਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।