ਸੈਕਰਡ ਹਾਰਟ ਸਕੂਲ ਅਤੇ ਕੈਬਰਿਜ਼ ਇੰਟਰਨੈਸ਼ਨਲ ਸਕੂਲ ਵੱਲੋਂ ਤਿਆਰ ਕੀਤੀ ਜਾ ਰਹੀ ਜੈਵਿਕ ਖਾਦ
ਮੋਗਾ 2 ਨਵੰਬਰ(ਜਸ਼ਨ):ਨਗਰ ਨਿਗਮ ਮੋਗਾ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਕਰਕੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਸ਼ਹਿਰ ਵਿੱਚ ਸਕੂਲਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਹ ਖਾਦ ਥੋੜੀ ਜਗਾ ਵਿੱਚ ਪਿੱਟ ਤਿਆਰ ਕਰਕੇ ਉਸ ਵਿੱਚ ਰੋਜ਼ਾਨਾ ਗਿੱਲਾ ਕੂੜਾ ਜਿਵੇਂ ਕਿ ਰਸੋਈ ਦਾ ਕੂੜਾ ਬੂਟਿਆਂ ਦੇ ਪੱਤੇ, ਕਾਗਜ਼, ਆਦਿ ਨਾਲ ਇਹ ਖਾਦ ਤਿਆਰ ਕੀਤੀ ਜਾਂਦੀ ਹੈ। ਕੂੜੇ ਵਿਚੋਂ ਨਾ ਗਲਣ ਵਾਲੀਆਂ ਚੀਜ਼ਾਂ ਜਿਵੇਂ ਕਿ ਪੌਲੀਥਿਨ ਦੇ ਲਿਫਾਫੇ, ਕੱਚ, ਪਲਾਸਟਿਕ, ਸੀਮਿੰਟ, ਲੋਹਾ ਆਦਿ ਵੱਖਰਾ ਕਰਕੇ ਵੇਚਣ ਦੇ ਕੰਮ ਆਉਂਦੇ ਹਨ। ਉਨਾਂ ਕਿਹਾ ਕਿ ਮੋਗਾ ਸ਼ਹਿਰ ਵਿੱਚ ਗਾਂਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿੱਚ ਪ੍ਰਬੰਧਕਾਂ ਵੱਲੋਂ ਪਿੱਟ ਤਿਆਰ ਕਰਕੇ ਜੈਵਿਕ ਖਾਦ ਬਣਾਉਣ ਦਾ ਇਹ ਉਪਰਾਲਾ ਕੀਤਾ ਹੈ, ਜਿਸ ਦੌਰਾਨ ਸਿਰਫ 25 ਦਿਨਾਂ ਵਿੱਚ ਜੈਵਿਕ ਖਾਦ ਤਿਆਰ ਕੀਤੀ ਗਈ ਅਤੇ ਬੂਟਿਆਂ ਵਿੱਚ ਇਹ ਖਾਦ ਪਾਈ ਜਾ ਰਹੀ ਹੈ। ਉਨਾਂ ਦੱਸਿਆ ਸੈਕਰਡ ਹਾਰਟ ਸਕੂਲ ਦੋਸਾਂਝ ਰੋਡ, ਕੈਬਰਿਜ਼ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਵੱਲੋਂ ਵੀ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਉਨਾਂ ਇਸ ਕੰਮ ਵਿੱਚ ਪਹਿਲ ਕਰਨ ਵਾਲੀਆਂ ਸੰਸਥਾਵਾਂ ਨੁੰ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ ਗਿਆ। ਨਗਰ ਨਿਗਮ ਦੀ ਹੈਲਥ ਬਰਾਂਚ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਕੰਮ ਵਿੱਚ ਨਗਰ ਨਿਗਮ ਦੀ ਟੀਮ ਸਮੂਹ ਸੈਨੇਟਰੀ ਇੰਸਪੈਕਟਰ, ਹਰਪ੍ਰੀਤ ਕੌਰ ਕਮਿਊਨਿਟੀ ਫੈਸਿਲੀਟੇਟਰ, ਰਮਨਦੀਪ ਕੌਰ ਕਮਿਊਨਿਟੀ ਫੈਸਿਲੀਟੇਟਰ ਅਤੇ ਮੋਟੀਵੇਟਰਾਂ ਵੱਲੋਂ ਘਰ-ਘਰ ਜਾ ਕੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।