ਸਿਹਤ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ ਦੌਰਾਨ ਵੱਖ-ਵੱਖ ਪਹਿਲੂਆਂ ਤੋਂ ਵਿਚਾਰਾਂ,ਆਖਿਆ ਖਾਧ ਪਦਾਰਥਾਂ ਦੇ ਨਾਲ-ਨਾਲ ਹਵਾ ਤੇ ਪਾਣੀ ਪ੍ਰਦੂਸ਼ਿਤ ਹੋਣਾ ਚਿੰਤਾਜਨਕ
ਕੋਟਕਪੂਰਾ, 2 ਨਵੰਬਰ (ਟਿੰਕੂ) :- ‘ਸਾਥ ਸਮਾਜਿਕ ਗੂੰਜ’ ਸੰਸਥਾ ਵਲੋਂ ਸਥਾਨਕ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਕਰਵਾਏ ਗਏ ਸਿਹਤ ਦੀ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਵਕਤਾ ਨੇ ਸਿਹਤ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦਾ ਵਿਸਥਾਰ ’ਚ ਜਿਕਰ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਦੀ ਬਹੁਤਾਤ ਨੇ ਸਮੁੱਚੇ ਪੰਜਾਬ ਨੂੰ ਗੰਭੀਰ ਬਿਮਾਰੀਆਂ ’ਚ ਜਕੜ ਕੇ ਰੱਖ ਦਿੱਤਾ ਹੈ। ਮੈਨੇਜਿੰਗ ਡਾਇਰੈਕਟਰ ਡਾ: ਮਨਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿ੍ਰੰਸੀਪਲ ਕੁਸ਼ਨਪ੍ਰੀਤ ਕੌਰ ਦੀ ਨਿਗਰਾਨੀ ਹੇਠ ਕਰਵਾਏ ਗਏ ਉਕਤ ਸੈਮੀਨਾਰ ਦੌਰਾਨ ਡਿਪਟੀ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੌਕਰ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਮੁੱਖ ਵਕਤਾ ਸਮੇਤ ਉਨਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਆਪਣੇ ਸਰੀਰ ਨੂੰ ਡਸਟਬੀਨ ਦੀ ਤਰਾਂ ਵਰਤਣ ਵਾਲੇ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ। ਮੁੱਖ ਵਕਤਾ ਵਜੋਂ ਪੁੱਜੇ ‘ਸਾਥ ਸਮਾਜਿਕ ਗੂੰਜ’ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਦੱਸਿਆ ਕਿ ਅਨਾਜ, ਫਲ ਫਰੂਟ, ਦਾਲਾਂ-ਸਬਜੀਆਂ ਅਤੇ ਹੋਰ ਖਾਦ ਪਦਾਰਥ ਪ੍ਰਦੂਸ਼ਿਤ ਕਰਨ ਦੇ ਨਾਲ-ਨਾਲ ਮਨੁੱਖ ਨੇ ਪੈਸਾ ਕਮਾਉਣ ਦੇ ਲਾਲਚ ’ਚ ਜਾਂ ਅਗਿਆਨਤਾਵਸ ਹਵਾ ਅਤੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ, ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ 30 ਸਾਲਾਂ ਬਾਅਦ ਅਗਲੀ ਪੀੜੀ ਦੀ ਆਮਦ ਦਾ ਖਿਆਲ ਸਾਨੂੰ ਤਿਆਗਣਾ ਪਵੇਗਾ, ਕਿਉਂਕਿ ਵਿਸ਼ਵ ਸਿਹਤ ਸੰਸਥਾ (ਡਬਲਯੂਐਚਓ) ਦੀਆਂ ਸਰਵੇ ਰਿਪੋਰਟਾਂ ਡਰਾਉਣੀਆਂ ਹੀ ਨਹੀਂ ਬਲਕਿ ਕਾਂਬਾ ਛੇੜ ਦੇਣ ਵਾਲੀਆਂ ਹਨ ਪਰ ਅਸੀਂ ਫਿਰ ਵੀ ਸੁਚੇਤ ਨਹੀਂ ਹੋ ਰਹੇ। ਗੁਰਵਿੰਦਰ ਸਿੰਘ ਨੇ ਪ੍ਰੋਜੈਕਟਰ ਰਾਂਹੀ ਵਿਸਥਾਰ ਸਹਿਤ ਇਕ ਇਕ ਨੁਕਤੇ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਵਿਕਾਸਸ਼ੀਲ ਦੇਸ਼ਾਂ ਦੀ ਗੱਲ ਛੱਡੋ ਹੁਣ ਤਾਂ ਭਾਰਤ ਨਾਲੋਂ ਆਰਥਿਕ ਪੱਖੋਂ ਗਰੀਬ ਜਾਂ ਵਿਕਾਸ ਖੁਣੋ ਪੱਛੜੇ ਮੁਲਕਾਂ ਨੇ ਵੀ ਭਾਰਤ ਦੇਸ਼ ਦੇ ਕਣਕ-ਚੋਲ ਜਾਂ ਹੋਰ ਖਾਦ ਪਦਾਰਥ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਉਨਾ ਦੱਸਿਆ ਕਿ ਮੀਡੀਏ ਰਾਂਹੀ ਆਉਂਦੀਆਂ ਮਸ਼ਹੂਰੀਆਂ ਅਤੇ ਦੂਜਿਆਂ ਦੀ ਰੀਸੋ ਰੀਸ ਆਪਣਾ ਨੁਕਸਾਨ ਕਰਨ ’ਚ ਮਾਹਰ ਸਮਝੇ ਜਾਂਦੇ ਪੰਜਾਬੀਆਂ ਨੂੰ ਨਵਾਂ ਸਮਾਜ ਸਿਰਜਣ ਲਈ ਹੰਭਲਾ ਮਾਰਨਾ ਪਵੇਗਾ, ਕਿਉਂਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵਾਈਸ ਪਿ੍ਰੰਸੀਪਲ ਵੀਰਪਾਲ ਕੌਰ, ਬਲਜਿੰਦਰ ਸਿੰਘ ਵੜਿੰਗ, ਅਵਤਾਰ ਸਿੰਘ ਮੱਕੜ, ਵਿਨੋਦ ਕੁਮਾਰ, ਪ੍ਰੋ: ਐਚ ਐਸ ਪਦਮ, ਸੋਮਨਾਥ ਅਰੋੜਾ, ਗੁਰਮੀਤ ਸਿੰਘ ਮੀਤਾ, ਅਮਰਪਾਲ ਸਿੰਘ ਟੋਨੀ ਸਮੇਤ ਸਮੂਹ ਸਟਾਫ ਤੇ ਵਿਦਿਆਰਥਣਾ ਹਾਜ਼ਰ ਸਨ।