ਜ਼ਮੀਨੀ ਵਿਵਾਦ ਨੂੰ ਲੈ ਕੇ ਬੇਰਹਿਮ ਸੱਸ ਅਤੇ ਦੇਵਰਾਂ ਨੇ ਕੀਤਾ ਵਿਧਵਾ ਦਾ ਦਰਦਨਾਕ ਕਤਲ,ਮਾਂ ਦੀ ਜਾਨ ਬਚਾਉਣ ਲਈ ਬੱਚੇ ਰੋ ਰੋ ਪਾਉਂਦੇ ਰਹੇ ਦੁਹਾਈਆਂ,ਪਰ ਦੋਸ਼ੀਆਂ ਨੇ ਤਰਸ ਨਹੀ ਕੀਤਾ

ਫਿਰੋਜ਼ਪੁਰ,1 ਨਵੰਬਰ ( ਸੰਦੀਪ ਕੰਬੋਜ ਜਈਆ ): - ਮੌਜੂਦਾ ਸਮੇਂ ਵਿਚ ਜਮੀਨ ਜਾਇਦਾਦ ਅਤੇ ਪੈਸੇ ਦੇ ਲਾਲਚ ਵਿਚ ਆ ਕੇ ਮਨੁੱਖ ਇਸ ਕਦਰ ਗਰਕ ਚੁੱਕਿਆ ਹੈ ਕਿ ਉਹ ਬੇਗਾਨੇ ਤਾਂ ਦੂਰ ਆਪਣੇ ਖੂਨ ਦੇ ਰਿਸ਼ਤੇ ਨੂੰ ਖਤਮ ਕਰਨ ਲਈ ਸਮੇਂ ਦੀ ਉਡੀਕ ਵਿਚ ਰਹਿੰਦਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਅਜਿਹੀ ਘਟਨਾ ਜ਼ਿਲਾ ਫਿਰੋਜ਼ਪੁਰ ਦੇ ਹਲਕਾ ਗੂਰੁਹਰਸਹਾਏ ਦੇ ਪਿੰਡ ਕਚੂਰੇ ਵਾਲੇ ਝੂੱਗੇ ਤੋਂ ਸਾਹਮਣੇ ਆਈ ਜਿੱਥੇ ਇਕ ਬੇਰਹਿਮ ਅਤੇ ਨਿਰਦਈ ਸੱਸ ਅਤੇ ਦਿਓਰਾਂ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਵਿਧਵਾ ਨੂੰਹ ਦਾ ਦਰਦਨਾਕ ਕਤਲ ਕਰ ਦਿੱਤਾ। ਪੁਲਿਸ ਨੂੰ ਇਸ ਪੂਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਮਾਇਆਵਤੀ ਦੇ ਪਤੀ ਦੀ ਇਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਸਹੁਰਾ ਪਰਿਵਾਰ ਤੋਂ  ਅਲੱਗ ਇਕ ਛੋਟੇ ਜਿਹੇ ਕਮਰੇ ਵਿਚ ਆਪਣੇ ਦੋ ਬੱਚਿਆਂ ਦੇ ਨਾਲ ਉਨਾਂ ਪਾਲਣ ਪੋਸ਼ਣ ਕਰ ਰਹੀ ਸੀ। ਉਸਨੇ ਦੱਸਿਆ ਕਿ ਮਿ੍ਰਤਕ ਮਾਇਆ ਬੀਬੀ ਆਪਣੇ ਸਹੁਰੇ ਪਰਿਵਾਰ ਤੋ ਆਪਣੇ ਪਤੀ ਦੇ ਹਿੱਸੇ ਦੀ ਆਉਂਦੀ ਜਾਇਦਾਦ ਲਈ ਲੰਬੇ ਸਮੇਂ ਤਂੋ ਮੰਗ ਕਰਦੀ ਆ ਰਹੀ ਸੀ ਪਰ ਉਸਦਾ ਸਹੁਰਾ ਪਰਿਵਾਰ ਉਸ ਨੂੰ ਕੁੱਝ ਵੀ ਦੇਣ ਲਈ ਤਿਆਰ ਨਹੀਂ ਸੀ। ਮਿ੍ਰਤਕਾ ਮਾਇਆ ਨੇ ਸ਼ਾਇਦ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਆਪਣੇ ਹੱਕ ਦੀ ਮੰਗ ਕਰਨ ‘ਤੇ ਇਕ ਦਿਨ ਉਸਦਾ ਕਤਲ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਸਵੇਰ ਹਰ ਰੋਜ਼ ਦੀ ਤਰਾਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਲਈ ਤਿਆਰ ਕਰ ਰਹੀ ਸੀ ਤਾਂ 8 ਵਜੇ ਦੇ ਕਰੀਬ ਅਚਾਨਕ ਉਸਦੇ ਘਰ ਉਸਦੀ ਸੱਸ ਸ਼ਿੰਦੋ ਬਾਈ, ਦੇਵਰ ਸੁਰਜੀਤ ਸਿੰਘ, ਦੇਵਰ ਸ਼ਰਮਾ ਸਿੰਘ ( ਸ਼ੰਮੀ ) ਅਤੇ ਫਲਕ ਸਿੰਘ ਪੁੱਤਰ ਸਰਦਾਰਾ ਸਿੰਘ ਉੱਚੀ ਅਵਾਜ ਵਿਚ ਲਲਕਾਰੇ ਮਾਰਦੇ ਉਸਦੇ ਘਰ ਆਏ ਅਤੇ ਮਾਇਆ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਤੇਜ਼ ਹਥਿਆਰਾਂ ਨਾਲ ਉਸਦਾ ਕਤਲ ਕਰ ਕੇ ਹਥਿਆਰੇ ਮੌਕੇ ਤੇ ਫਰਾਰ ਹੋ ਗਏ । ਦੱਸਿਆ ਜਾ ਰਿਹਾ ਹੈ ਜਦੋ ਮਾਇਆਵਤੀ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਸਦਾ ਲੜਕਾ ਅਭੀ (5 ) ਨੀਸ਼ੂ 4 ਸਾਲਾਂ ਰੋ - ਰੋ ਕੇ ਆਪਣੀ ਮਾਂ ਨੂੰ ਬਚਾਉਣ ਲਈ ਹਮਲਾਵਰ ਬਣੀ ਆਪਣੀ ਦਾਦੀ ਅਤੇ ਚਾਚਿਆਂ ਨੂੰ ਤਰਲੇ ਪਾਉਂਦੇ ਰਹੇ ਪਰ ਉਹਨਾਂ ਮਾਸੂਮ ਬੱਚਿਆਂ ਦੀ ਆਵਾਜ਼ ਨੂੰ ਅਣਸੁਣਿਆ ਕਰਦਿਆਂ ਉਨਾਂ ਦੀ ਮਾਂ ਨੂੰ ਕਤਲ ਕਰ ਦਿੱਤਾ । ਇਸ ਘਟਨਾ ਦੀ ਖ਼ਬਰ ਮਿਲਦਿਆਂ ਡੀ ਐਸ ਪੀ ਸ਼੍ਰੀ ਜਸਵੀਰ ਸਿੰਘ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਪੂਰੀ ਕਹਾਣੀ ਨੂੰ ਸੁਣੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮਿ੍ਰਤਕ ਮਾਇਆਵਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤਾ ਗਿਆ ਸੀ। ਪੁਲਿਸ ਵੱਲੋਂ ਮਿ੍ਰਤਕ ਮਾਇਆ ਦੇ ਕਾਤਲਾਂ ਨੂੰ ਦਬੋਚਣ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।